ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ‘ਮਾਲਵਾ ਨਹਿਰ’ ਦੀ ਉਸਾਰੀ ਕਰਨ ਦਾ ਦੂਰਅੰਦੇਸ਼ੀ ਫੈਸਲਾ ਸੂਬੇ ਵਿੱਚ ਲਗਭਗ ਦੋ ਲੱਖ ਏਕੜ ਜ਼ਮੀਨ ਦੀ ਸਿੰਚਾਈ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਸੂਬੇ ਵਿਚ ਬੇਮਿਸਾਲ ਵਿਕਾਸ ਅਤੇ ਤਰੱਕੀ ਦੇ ਯੁੱਗ ਦੀ ਨਵੀਂ ਸ਼ੁਰੂਆਤ ਹੋਵੇਗੀ।
2300 ਕਰੋੜ ਰੁਪਏ ਦੇ ਖਰਚ ਨਾਲ ਤਿਆਰ ਹੋਣ ਵਾਲੀ ਮਾਲਵਾ ਨਹਿਰ ਉਸਾਰੀ ਤੋਂ ਬਾਅਦ ਸੂਬੇ ਦੇ 5 ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ ਅਤੇ ਹੋਰ ਨਾਲ ਲਗਦੇ ਇਲਾਕਿਆਂ ’ਚ ਖੇਤੀ ਲਈ ਪਾਣੀ ਦੀ ਘਾਟ ਨੂੰ ਪੂਰੀ ਕਰੇਗੀ। ਇਸ ਨਹਿਰ ਨਾਲ ਸੂਬੇ ਦੇ 62 ਪਿੰਡਾਂ ਵਿੱਚ ਦੋ ਲੱਖ ਏਕੜ ਤੋਂ ਵੱਧ ਰਕਬੇ ਵਿਚਲੇ ਖੇਤਾਂ ਨੂੰ ਪਾਣੀ ਪੁੱਜੇਗਾ। ਪਿੰਡਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣ ਕਰਕੇ ਧਰਤੀ ਹੇਠਲੇ ਕੀਮਤੀ ਪਾਣੀ ਨੂੰ ਬਚਾਇਆ ਜਾਵੇਗਾ। ਯਕੀਨਨ ਇਹ ਮਾਲਵਾ ਨਹਿਰ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਲਈ ਸਦੀਆਂ ਤੱਕ ਵਰਦਾਨ ਸਾਬਿਤ ਹੋਵੇਗੀ।
ਇਹ ਨਹਿਰ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਵਾਧੂ ਪਾਣੀ ਦੇ ਸਰੋਤ ਪ੍ਰਦਾਨ ਕਰੇਗੀ, ਜਿਸ ਨੂੰ ਸਰਹਿੰਦ ਫੀਡਰ ਨਹਿਰ ਦੁਆਰਾ ਢੁਕਵੀਂ ਮਾਤਰਾ ਵਿਚ ਸਪਲਾਈ ਨਹੀਂ ਕੀਤਾ ਜਾ ਸਕਦਾ ਹੈ। 149.53 ਕਿਲੋਮੀਟਰ ਲੰਬੀ ਇਸ ਨਹਿਰ ਦੀ ਪ੍ਰਸਤਾਵਿਤ ਸਮਰੱਥਾ 2000 ਕਿਊਸਿਕ ਹੈ ਅਤੇ ਇਸ ਨੂੰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਲਗਭਗ ਪੌਣੇ 200 ਕਿਲੋਮੀਟਰ ਲੰਬੀ ਇਹ ਨਹਿਰ ਦੇਸ਼ ਦੀ ਵੰਡ ਤੋਂ ਬਾਅਦ ਸਾਡੇ ਲਈ ਤੋਹਫਾ ਹੋਵੇਗੀ। ਨਹਿਰ 50 ਫੁਟ ਚੌੜੀ ਤੇ ਸਾਢੇ 12 ਫੁਟ ਡੂੰਘੀ ਹੋਵਗੀ । ਨਹਿਰ ਵਿਚ 500 ਮੋਘੇ ਹੋਣਗੇ ਤੇ ਇਹ ਨਹਿਰ ਤਿਆਰ ਹੋਣ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਨਸਲਾਂ ਨੂੰ ਰਾਹਤ ਮਿਲੇਗੀ। ਸਰਹੰਦ ਫੀਡਰ ਨਹਿਰ ਤੇ ਰਾਜਸਥਾਨ ਨਹਿਰ ਦੇ ਨਾਲ ਚੜ੍ਹਦੇ ਪਾਸੇ ਇਹ ਤੀਜੀ ਮਾਲਵਾ ਨਹਿਰ ਹੋਵੇਗੀ।
ਇਹੀ ਨਹੀਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਰੂਪਨਗਰ, ਪਟਿਆਲਾ ਅਤੇ ਮੁਹਾਲੀ ਵਿਚ ਪਾਣੀ ਦੀ ਕਮੀ ਵੀ ਆਉਣ ਵਾਲੇ ਸਮੇਂ ਵਿਚ ਦੂਰ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਮਾਲਵਾ ਨਹਿਰ ਦੇ ਨਾਲ-ਨਾਲ ਦਸਮੇਸ਼ ਨਹਿਰ ਬਣਾਉਣ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਜਲ ਸਰੋਤ ਵਿਭਾਗ ਨੇ ਰੂਪਨਗਰ, ਪਟਿਆਲਾ ਅਤੇ ਮੁਹਾਲੀ ਦੇ 58 ਪਿੰਡਾਂ ਦਾ ਜ਼ਮੀਨੀ ਰਿਕਾਰਡ ਮੰਗਿਆ ਹੈ। ਰਿਕਾਰਡ ਲੈਣ ਲਈ ਨਹਿਰੀ ਪਟਵਾਰੀਆਂ ਦੀ ਡਿਊਟੀ ਲਗਾਈ ਗਈ ਹੈ।
CM ਮਾਨ ਨੇ ਇਸ ਨਹਿਰ ਦੇ ਨਿਰਮਾਣ ਦੀ ਸ਼ੁਰੂਆਤ ਦੌਰਾਨ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਸਰਹਿੰਦ ਨਹਿਰ ਸਿਸਟਮ ਦੇ ਟੇਲ ਵਾਲੇ ਹਿੱਸੇ ਵਿਚ ਪਾਣੀ ਦੀ ਸਪਲਾਈ ਵਿਚ ਸੁਧਾਰ ਕਰਨ ਦੀ ਬਜਾਏ ਸਰਹਿੰਦ ਫੀਡਰ ਤੋਂ ਲਿਫਟ ਪੰਪਾਂ ਰਾਹੀਂ ਪਾਣੀ ਦੀ ਸਪਲਾਈ ਕਰਨ ਦਾ ਫੈਸਲਾ ਲਿਆ। ਉਨ੍ਹਾਂ ਮੁਤਾਬਕ ਇਸ ਦੇ ਨਾਲ ਅਬੋਹਰ ਅਤੇ ਫਾਜ਼ਿਲਕਾ ਦੀ ਨਹਿਰੀ ਸਪਲਾਈ ਲਈ ਪਾਣੀ ਦੀ ਘਾਟ ਹੁੰਦੀ ਹੈ। ਮਾਲਵਾ ਨਹਿਰ ਨਾਲ ਸਰਹਿੰਦ ਫੀਡਰ ਤੋਂ ਅਬੋਹਰ ਖੇਤਰ ਲਈ ਵਧੇਰੇ ਪਾਣੀ ਮੁਹੱਈਆ ਹੋਵੇਗਾ। ਇਸ ਨਹਿਰ ਦੇ ਬਣਨ ਨਾਲ ਮੁਕਤਸਰ, ਗਿੱਦੜਬਾਹਾ, ਬਠਿੰਡਾ, ਜ਼ੀਰਾ ਦੇ ਖੇਤਰਾਂ ਦੇ ਨਾਲ-ਨਾਲ ਅਬੋਹਰ, ਫਿਰੋਜ਼ਪੁਰ ਅਤੇ ਫਾਜ਼ਿਲਕ ਦੇ ਖੇਤਰਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਮਿਲੇਗਾ।