ਜਲੰਧਰ, 6 ਨਵੰਬਰ | ਮਹਾਨਗਰ ‘ਚ ਇਕ ਵਿਅਕਤੀ ਦੀ ਦਰਦਨਾਕ ਮੌਤ ਅਤੇ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖ਼ਮੀ ਵਿਅਕਤੀ ਦੀ ਪਛਾਣ ਅਰਾਜ ਕੁਮਾਰ ਪੁੱਤਰ ਬੀਰ ਚੰਦ ਵਾਸੀ ਪਿੰਡ ਹੀਰਾਪੁਰਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਬੱਚੇ ਦੇ ਜਨਮ ਦਾ ਜਸ਼ਨ ਮਨਾਉਣ ਲਈ ਮਠਿਆਈਆਂ ਵੰਡ ਕੇ ਵਾਪਸ ਘਰ ਜਾ ਰਹੇ ਸਨ। ਇਸ ਹਾਦਸੇ ਵਿਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਲਵਿੰਦਰ ਸਿੰਘ ਪੁੱਤਰ ਅਮਰਪਾਲ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਜੇ 20 ਦਿਨ ਪਹਿਲਾਂ ਹੀ ਅਰਾਜ ਕੁਮਾਰ ਨਵਜੰਮੇ ਬੱਚੇ ਦਾ ਪਿਤਾ ਬਣਿਆ ਸੀ, ਜਿਸ ਦੀ ਖੁਸ਼ੀ ‘ਚ ਉਹ ਆਪਣੇ ਸਹੁਰੇ ਪਿੰਡ ਬੱਲਾਂ ‘ਚ ਮਠਿਆਈ ਦੇਣ ਗਿਆ ਸੀ। ਜਿਵੇਂ ਹੀ ਉਹ ਪਿੰਡ ਬੱਲਾਂ ਤੋਂ ਡੇਰੇ ਨੂੰ ਜਾਂਦੀ ਸੜਕ ‘ਤੇ ਹਸਪਤਾਲ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਥਾਣਾ ਮਕਸੂਦਾਂ ਦੇ ਐਸਐਚਓ ਬਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ ਅਤੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਲਈ ਗਈ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)