ਜਲੰਧਰ। ਚੌਕੀ ਦੁਸਾਂਝ ਕਲਾਂ ਦੇ ਪਿੰਡ ਮਤਫੱਲੂ ’ਚ ਬੀਤੀ ਰਾਤ ਜ਼ਮੀਨ ਦੇ ਬੰਨੇ ਤੋਂ ਮਿੱਟੀ ਵੱਢਣ ਤੋਂ ਰੋਕਣ ’ਤੇ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। 

ਮਿਲੀ ਸੂਚਨਾ ਮੁਤਾਬਕ ਗੁਰਪਾਲ ਸਿੰਘ ਪੁੱਤਰ ਪਿਆਰਾ ਸਿੰਘ 70 ਸਾਲ ਵਾਸੀ ਮਤਫੱਲੂ ਆਪਣੀ ਜ਼ਮੀਨ ਵਿਚ ਕੰਮ ਕਰ ਰਿਹਾ ਸੀ। ਹਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਚਿੰਤਾ ਸਿੰਘ ਉਸ ਦੀ ਜ਼ਮੀਨ ਨਾਲ ਲੱਗਦੀ ਵੱਟ ’ਤੇ ਮਿੱਟੀ ਪੁੱਟਣ ਲੱਗੇ। ਉਸ ਨੇ ਜਦੋਂ ਰੋਕਿਆ ਤਾਂ ਹਰਜੀਤ ਸਿੰਘ ਅਤੇ ਨਿਰਮਲ ਸਿੰਘ ਨੇ ਉਸ ਦੇ ਸਿਰ ਵਿਚ ਕਹੀਆ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਫਿਰ ਉੱਥੋਂ ਦੋਵੇਂ ਮੁਲਜ਼ਮ ਫਰਾਰ ਹੋ ਗਏ।

ਘਟਨਾ ਦੀ ਖ਼ਬਰ ਮਿਲਦਿਆ ਹੀ ਗੁਰਾਇਆ ਪੁਲਿਸ ਅਤੇ ਦੁਸਾਂਝ ਕਲਾਂ ਪੁਲਿਸ ਮੌਕੇ ’ਤੇ ਪੁੱਜ ਗਈ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਜਿੰਦਰ ਸਿੰਘ ਐਸ.ਐਚ.ਓ. ਨੇ ਦੱਸਿਆ ਕਿ ਦੋਸ਼ੀ ਫਰਾਰ ਹੋ ਗਏ ਹਨ ਪਰ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ ਦੀ ਬਰੀਕੀ ਅਤੇ ਡੂੰਘਾਈ ਨਾਲ ਜਾਂਚ ਕਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਮ੍ਰਿਤਕ ਦੇ ਭਤੀਜੇ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।