ਰੂਪਨਗਰ | ਨੰਗਲ ਵਿਚ ਐਮਪੀ ਦੀ ਕੋਠੀ ਨੇੜੇ ਇਕ ਕਾਰ ਭਾਖੜਾ ਨਹਿਰ ਵਿਚ ਡਿੱਗ ਗਈ। ਕਾਰ ਵਿਚ ਇਕੋਂ ਪਰਿਵਾਰ ਦੇ ਚਾਰ ਜੀਅ ਸਵਾਰ ਸਨ। ਇਸ ਦੌਰਾਨ ਇਕ ਵਿਅਕਤੀ ਮੋਹਨ ਲਾਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਤਿੰਨ ਮੈਂਬਰਾਂ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ।

ਇਸ ਦੌਰਾਨ ਅਕਸ਼ੈ ਕੁਮਾਰ ਕਾਰ ਚਾਲਕ ਅਤੇ ਉਸ ਦੀ ਪਤਨੀ ਸੁਮਨ ਕੁਮਾਰੀ ਤੇ ਇਕ ਹੋਰ ਮੈਂਬਰ ਸੰਤੋਸ਼ ਕੁਮਾਰੀ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਚਸ਼ਮਦੀਦਾਂ ਅਨੁਸਾਰ ਨਹਿਰ ‘ਚ ਡਿੱਗਣ ਤੋਂ ਬਾਅਦ ਕਾਰ ਕਾਫੀ ਦੇਰ ਤੱਕ ਪਾਣੀ ‘ਚ ਤੈਰਦੀ ਰਹੀ ਅਤੇ ਲੋਕਾਂ ਦੀ ਮਦਦ ਨਾਲ ਤੈਰਦੀ ਕਾਰ ਨੂੰ ਵੀ ਰੱਸੀ ਨਾਲ ਬੰਨ੍ਹ ਲਿਆ ਗਿਆ ਪਰ ਅਚਾਨਕ ਕਾਰ ਦੀ ਇਕ ਖਿੜਕੀ ਖੁੱਲ੍ਹ ਗਈ ਅਤੇ ਕਾਰ ਡੁੱਬ ਗਈ। ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਕਾਰ ਨੂੰ ਬਾਹਰ ਕੱਢ ਲਿਆ ਗਿਆ ਹੈ।

ਇਹ ਪਰਿਵਾਰ ਨੰਗਲ ਦੀ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਰਿਵਾਰ ਨੇੜਲੇ ਮੰਦਰ ਵਿਚ ਮੱਥਾ ਟੇਕਣ ਲਈ ਜਾ ਰਿਹਾ ਸੀ, ਕਿਸੇ ਕਾਰਨ ਕਾਰ ਅਚਾਨਕ ਭਾਖੜਾ ਨਹਿਰ ਵਿਚ ਡਿੱਗ ਗਈ। ਕਾਰ ’ਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਦੇ ਨਾਲ ਅਗਲੀ ਸੀਟ ’ਤੇ ਬੈਠੇ ਇਕ ਵਿਅਕਤੀ ਨੂੰ ਗੋਤਾਖੋਰਾਂ ਨੇ ਜਿਊਂਦਾ ਬਾਹਰ ਕੱਢ ਲਿਆ।

ਨੰਗਲ ਥਾਣੇ ਦੇ ਇੰਚਾਰਜ ਦਾਨਿਸ਼ ਵੀਰ ਸਿੰਘ ਭਾਖੜਾ ਬੰਨ੍ਹ ਪ੍ਰਸ਼ਾਸਨ ਦੇ ਉੱਪ ਮੁਖੀ ਇੰਜੀਨੀਅਰ ਐੱਚਐੱਲ ਕੰਬੋਜ ਨਾਲ ਮੌਕੇ ’ਤੇ ਪਹੁੰਚੇ। ਅੱਧੇ ਘੰਟੇ ਬਾਅਦ ਗੋਤਾਖੋਰਾਂ ਦੀ ਟੀਮ ਵੀ ਪੁੱਜ ਗਈ, ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਮੋਹਨ ਲਾਲ ਨੂੰ ਜਿਊਂਦਾ ਬਾਹਰ ਕੱਢ ਲਿਆ। ਕਾਰ ਸਵਾਰ 3 ਹੋਰ ਵਿਅਕਤੀ ਕਾਰ ’ਚ ਫਸੇ ਰਹਿ ਗਏ। ਗੋਤਾਖੋਰਾਂ ਨੇ ਕਾਰ ਲੋਕਾਂ ਦੀ ਮਦਦ ਨਾਲ ਰੱਸਿਆਂ ਸਹਾਰੇ ਬਾਹਰ ਕੱਢੀ। ਜਦੋਂ ਕਾਰ ਬਾਹਰ ਕੱਢੀ ਤਾਂ ਉਦੋਂ ਤੱਕ ਅੰਦਰ ਬੈਠੇ ਬਾਕੀ 3 ਵਿਅਕਤੀ ਦਮ ਤੋੜ ਚੁੱਕੇ ਸਨ।

ਪੁਲਿਸ ਅਧਿਕਾਰੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਥਾਨਕ ਜਵਾਹਰ ਨਗਰ ਵਾਸੀ ਬੀਬੀਐੱਮਬੀ ਤੋਂ ਸੇਵਾਮੁਕਤ ਮੁਲਾਜ਼ਮ ਮੋਹਨ ਸਿੰਘ (65) ਆਪਣੀ ਪਤਨੀ ਸਰੋਜ (58), ਜੀਜਾ ਅਕਸ਼ੈ ਕੁਮਾਰ (60) ਤੇ ਭੈਣ ਸੁਮਨ (55) ਵਾਸੀ ਸ਼ਿਵਾਲਿਕ ਐਵੇਨਿਊ ਨਾਲ ਮੱਥਾ ਟੇਕਣ ਲਈ ਘਰ ਤੋਂ ਕੁਝ ਦੂਰ ਹੀ ਨਹਿਰ ਕੰਢੇ ਗਊਸ਼ਾਲਾ ਨਾਲ ਬਣੇ ਮੰਦਰ ਵਿਖੇ ਗਏ ਸਨ। ਕਾਰ ਅਕਸ਼ੈ ਕੁਮਾਰ ਚਲਾ ਰਿਹਾ ਸੀ। ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ।

ਗੋਤਾਖੋਰ ਕਮਲਪ੍ਰੀਤ ਸੈਣੀ ਨੇ ਕਿਹਾ ਕਿ ਗੱਡੀ ਡਿੱਗਣ ਤੋਂ ਅੱਧਾ ਘੰਟਾ ਬਾਅਦ ਉਨ੍ਹਾਂ ਦੀ ਟੀਮ ਮੌਕੇ ’ਤੇ ਪੁੱਜੀ। ਕਰੀਬ ਇਕ ਘੰਟਾ ਪਾਣੀ ’ਚ ਸਰਚ ਕਰਨ ਮਗਰੋਂ ਗੱਡੀ ਬਾਹਰ ਕੱਢੀ ਜਾ ਸਕੀ। ਜ਼ਿਕਰਯੋਗ ਹੈ ਕਿ ਨੰਗਲ ਡੈਮ ਤੋਂ ਨਿਕਲਦੀ ਇਸ ਨਹਿਰ ’ਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ।