ਬਟਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਿਮਾਗ਼ ਦੀ ਨਾੜੀ ਫਟਣ ਕਾਰਨ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਮੌਤ ਹੋ ਗਈ। ਯੂਨੀਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕੰਵਰਦੀਪ ਸਿੰਘ ਬਤੌਰ ਡਰਾਈਵਰ ਵਜੋਂ ਆਊਟਸੋਰਸ ਦਾ ਕੰਮ ਕਰਦਾ ਸੀ। ਉਹ ਸੋਮਵਾਰ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਪਰ ਜਦੋਂ ਉਹ ਰੋਪੜ ਪੁੱਜਾ ਤਾਂ ਅਚਾਨਕ ਤਬੀਅਤ ਵਿਗੜ ਗਈ ਤੇ ਉਹ ਬੱਸ ਲੈ ਕੇ ਰੋਪੜ ਦੇ ਡਿਪੂ ਵੱਲ ਚਲਾ ਗਿਆ।

ਯੂਨੀਅਨ ਦੇ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਰੋਪੜ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਪੀਜੀਆਈ ਰੈਫਰ ਕਰ ਦਿੱਤਾ। ਉਸ ਨੂੰ ਪੀਜੀਆਈ ਲੈ ਗਏ ਤਾਂ ਡਾਕਟਰਾਂ ਨੇ ਹਾਲਤ ਦੇਖਦਿਆਂ ਉਸ ਨੂੰ ਘਰ ਲਿਜਾਣ ਲਈ ਕਿਹਾ। ਜਦੋਂ ਮੈਂਬਰ ਬਟਾਲਾ ਲੈ ਕੇ ਆ ਰਹੇ ਸਨ ਤਾਂ ਉਮਰਪੁਰਾ ਪੁੱਜਦਿਆਂ ਹੀ ਕੰਵਰਦੀਪ ਸਿੰਘ ਦੀ ਮੌਤ ਹੋ ਗਈ। ਕੰਵਰਦੀਪ ਸਿੰਘ ਨੇ ਆਪਣੀ ਧੀ ਦੇ ਵਿਆਹ ਲਈ ਕਰਜ਼ਾ ਲਿਆ ਸੀ ਪਰ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਜਮ੍ਹਾ ਨਾ ਹੋਣ ਕਾਰਨ ਉਹ ਕਰਜ਼ੇ ਦੀ ਕਿਸ਼ਤ ਅਦਾ ਨਹੀਂ ਕਰ ਪਾ ਰਿਹਾ ਸੀ। ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਝੱਲ ਰਿਹਾ ਸੀ। ਯੂਨੀਅਨ ਦੇ ਆਗੂਆਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮਦਦ ਲਈ ਫਰਿਆਦ ਕੀਤੀ ਹੈ।