ਬਿਹਾਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭਾਗਲਪੁਰ ‘ਚ ਪਤੀ ਨੂੰ ਸਲਾਖਾਂ ਪਿੱਛੇ ਦੇਖ ਕੇ ਪਤਨੀ ਨੂੰ ਇੰਨਾ ਝਟਕਾ ਲੱਗਾ ਕਿ ਉਸ ਦੀ ਮੌਤ ਹੋ ਗਈ। ਮਹਿਲਾ 9 ਮਹੀਨੇ ਦੀ ਗਰਭਵਤੀ ਹੈ, ਇਸੇ ਮਹੀਨੇ ਡਲਿਵਰੀ ਹੋਣ ਵਾਲੀ ਸੀ।

ਮਹਿਲਾ ਮੰਗਲਵਾਰ ਦੁਪਹਿਰ ਨੂੰ ਆਪਣੇ ਪਤੀ ਨੂੰ ਮਿਲਣ ਕੇਂਦਰੀ ਜੇਲ੍ਹ ਗਈ ਸੀ। ਪਤੀ ਦੀ ਹਾਲਤ ਦੇਖ ਕੇ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਈ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਰਸਤੇ ‘ਚ ਹੀ ਔਰਤ ਦੀ ਮੌਤ ਹੋ ਗਈ।ਮ੍ਰਿਤਕਾ ਦੀ ਪਛਾਣ ਪਲਵੀ ਕੁਮਾਰੀ (24) ਪਤਨੀ ਗੋਵਿੰਦ ਕੁਮਾਰ ਉਰਫ ਗੁੱਡੂ ਵਜੋਂ ਹੋਈ ਹੈ। ਦੋਵਾਂ ਨੇ 2 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ।

ਮ੍ਰਿਤਕਾ ਦੇ ਦਿਓਰ ਵਿੱਕੀ ਯਾਦਵ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਵਿਨੋਦ ਯਾਦਵ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਵਿਚ ਦੋਵਾਂ ਧਿਰਾਂ ਵਿਚ ਲੜਾਈ ਹੋਈ। ਪੁਲਿਸ ਨੇ ਕਾਰਵਾਈ ਕਰਦਿਆਂ ਗੋਵਿੰਦ ਨੂੰ ਧਾਰਾ 307 ਤਹਿਤ ਜੇਲ੍ਹ ਭੇਜ ਦਿੱਤਾ। ਪਲਵੀ ਮੰਗਲਵਾਰ ਦੁਪਹਿਰ ਨੂੰ ਆਪਣੇ ਪਤੀ ਨੂੰ ਮਿਲਣ ਲਈ ਜੇਲ੍ਹ ਗਈ। ਮ੍ਰਿਤਕਾ ਪਤੀ ਦੇ ਲੰਬੇ ਸਮੇਂ ਤੋਂ ਜੇਲ੍ਹ ਵਿਚ ਰਹਿਣ ਕਾਰਨ ਸਦਮੇ ਵਿਚ ਸੀ। ਪਤੀ ਨੂੰ ਜੇਲ੍ਹ ਵਿਚ ਦੇਖ ਕੇ ਉਹ ਬੇਹੋਸ਼ ਹੋ ਗਈ ਅਤੇ ਹੇਠਾਂ ਡਿੱਗ ਪਈ।

ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਮਾਇਆਗੰਜ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੱਲਵੀ ਦੇ ਗਰਭ ‘ਚ 9 ਮਹੀਨਿਆਂ ਦਾ ਬੱਚਾ ਵੀ ਸੀ। ਹੁਣ ਗੋਵਿੰਦ ਦੇ ਰਿਸ਼ਤੇਦਾਰਾਂ ਨੇ ਅਦਾਲਤ ਤੋਂ ਉਸ ਨੂੰ ਸਸਕਾਰ ਲਈ ਪੈਰੋਲ ਦੇਣ ਦੀ ਬੇਨਤੀ ਕੀਤੀ ਹੈ। ਔਰਤ ਦੇ ਦਿਓਰ ਵਿੱਕੀ ਯਾਦਵ ਨੇ ਕਿਹਾ ਕਿ ਪੁਲਿਸ ਦੀ ਮਨਮਾਨੀ ਕਾਰਨ ਉਸ ਦੀ ਭਰਜਾਈ ਆਪਣੀ ਜਾਨ ਤੋਂ ਹੱਥ ਧੋ ਬੈਠੀ ਹੈ। ਪੁਲਿਸ ਨੇ ਇਕ-ਪਾਸੜ ਕਾਰਵਾਈ ਕੀਤੀ। ਅੱਜ ਸਾਡਾ ਸਾਰਾ ਘਰ ਤਬਾਹ ਹੋ ਗਿਆ।