ਲੁਧਿਆਣਾ, 7 ਜਨਵਰੀ | ਲੁਧਿਆਣਾ ਦੀ CT ਯੂਨੀਵਰਸਿਟੀ ਵਿਚ ਬੀਐਸਸੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਾਊਥ ਸੁਡਾਨ ਦੇ ਵਿਦਿਆਰਥੀ ਮੋਰੜੇ ਮੇਡੀ ਯਕੋਬੋ ਐਸ ਦੀ ਮੌਤ ਹੋ ਗਈ l ਵਿਦਿਆਰਥੀ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸ ਦੀ ਲਾਸ਼ ਕਮਰੇ ਵਿਚੋਂ ਬਰਾਮਦ ਕੀਤੀ ਗਈ ਹੈ। ਮੁਢਲੀ ਪੜਤਾਲ ਦੌਰਾਨ ਡਾਕਟਰਾਂ ਦਾ ਮੰਨਣਾ ਹੈ ਕਿ ਉਸ ਨੂੰ ਲਗਾਤਾਰ ਉਲਟੀਆਂ ਹੋਈਆਂ ਸਨ ਜੋ ਉਸ ਦੀ ਮੌਤ ਦਾ ਕਾਰਨ ਹੋ ਸਕਦਾ ਹੈ l

ਸੂਤਰਾਂ ਦਾ ਕਹਿਣਾ ਹੈ ਕਿ ਉਹ ਐਮਬੀਡੀ ਮਾਲ ਦੇ ਕੋਲ ਉਲਟੀਆਂ ਕਰ ਰਿਹਾ ਸੀ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ l ਵਿਦਿਆਰਥੀ ਨੂੰ ਸਿਵਲ ਹਸਪਤਾਲ ਲਿਜਾਂਦਾ ਗਿਆ ਜਿਥੇ ਡਾਕਟਰਾਂ ਨੇ ਕੁਝ ਸਮੇਂ ਬਾਅਦ ਉਸਦੀ ਮੌਤ ਦੀ ਪੁਸ਼ਟੀ ਕਰ ਦਿੱਤੀ l ਫਿਲਹਾਲ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਮ੍ਰਿਤਕ ਦੇ ਸਾਥੀਆਂ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਨਾ ਕਰਵਾਇਆ ਜਾਵੇ ਅਤੇ ਮ੍ਰਿਤਕ ਦੇਹ ਨੂੰ ਸੁਡਾਨ ਭੇਜ ਦਿੱਤਾ ਜਾਵੇ l

ਮ੍ਰਿਤਕ ਵਿਦਿਆਰਥੀ ਦੀ ਪਛਾਣ ਦੱਖਣੀ ਸੂਡਾਨ ਦੇ ਮੋਰਡੇ ਮੇਡੀ ਯੋਕੋਬੋ ਵਜੋਂ ਹੋਈ ਹੈ। ਉਹ ਇਕ ਸਾਲ ਪਹਿਲਾਂ ਲੁਧਿਆਣਾ ਆਇਆ ਸੀ। ਇਸ ਸਮੇਂ ਉਹ ਸੁੰਦਰ ਨਗਰ ਵਿਚ ਨਰਿੰਦਰ ਬਾਂਸਲ ਦੇ ਘਰ ਕਿਰਾਏ ’ਤੇ ਰਹਿੰਦਾ ਸੀ। ਉਸ ਦੀ ਲਾਸ਼ ਨੂੰ ਉਸ ਦੇ ਸਾਥੀਆਂ ਨੇ ਰਾਤ 2.45 ਵਜੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।