ਫਾਜ਼ਿਲਕਾ/ਅਬੋਹਰ | ਮੁੱਖ ਮੰਤਰੀ ਹਾਊਸ ਦੀ ਸੁਰੱਖਿਆ ‘ਚ ਤਾਇਨਾਤ ਪੰਜਾਬ ਪੁਲਿਸ ਦੇ ਇਕ ਕਮਾਂਡੋ ਨੇ ਵੀਰਵਾਰ ਤੜਕੇ ਅਬੋਹਰ ਸਥਿਤ ਆਪਣੀ ਰਿਹਾਇਸ਼ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਮਾਂਡੋ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰ. 1 ਦੀ ਪੁਲਿਸ ਨੇ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ‘ਚ ਰਖਵਾਇਆ ਅਤੇ ਰਿਸ਼ਤੇਦਾਰਾਂ ਦੇ ਬਿਆਨ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ ਕਰੀਬ 30 ਸਾਲਾ ਪੰਜਾਬ ਪੁਲਿਸ ਦਾ ਜਵਾਨ ਕਰਮ ਸਿੰਘ ਪੁੱਤਰ ਸੁਖਦੇਵ ਸਿੰਘ ਚੰਡੀਗੜ੍ਹ ਦੇ ਮੁੱਖ ਮੰਤਰੀ ਹਾਊਸ ਦੀ ਸੁਰੱਖਿਆ ‘ਚ ਤਾਇਨਾਤ ਸੀ। 27 ਮਾਰਚ ਨੂੰ ਕਰਮ ਸਿੰਘ ਆਪਣੇ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਛੁੱਟੀ ’ਤੇ ਅਬੋਹਰ ਆਇਆ ਸੀ। ਵੀਰਵਾਰ ਸਵੇਰੇ ਉਸ ਨੇ ਆਪਣੇ ਕਮਰੇ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਪਤਨੀ ਰਾਜਵੰਤ ਕੌਰ ਨੇ ਦੱਸਿਆ ਕਿ ਉਹ ਰਾਤ ਨੂੰ ਕਮਰੇ ‘ਚ ਸੁੱਤੇ ਪਏ ਸਨ ਅਤੇ ਜਦੋਂ ਸਵੇਰੇ 3 ਵਜੇ ਦੇ ਕਰੀਬ ਦੇਖਿਆ ਤਾਂ ਉਸ ਦਾ ਪਤੀ ਬੈੱਡ ’ਤੇ ਨਹੀਂ ਸੀ। ਉਸ ਨੇ ਨਾਲ ਵਾਲੇ ਕਮਰੇ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਉਸ ਦੀ ਭਰਜਾਈ ਸਿਮਰ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਮੌਕੇ ‘ਤੇ ਪਹੁੰਚੇ ਏ.ਐਸ.ਆਈ ਬਹਾਦਰ ਚੰਦ ਨੇ ਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਕਰਮ ਸਿੰਘ ਰਾਸ਼ਟਰੀ ਕਬੱਡੀ ਖਿਡਾਰੀ ਸੀ ਅਤੇ ਉਸ ਨੇ ਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ।