ਮੋਗਾ, 22 ਜਨਵਰੀ | ਵਿਆਹ ਟੁੱਟਣ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਲੈ ਲਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਜੀਤ ਸਿੰਘ ’ਤੇ ਪਾਠੀ ਨਿਰਮਲ ਸਿੰਘ ਨੇ ਸੀਰੀ ਸਾਹਿਬ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਪਿੰਡ ਸਦਾ ਸਿੰਘਵਾਲਾ ਦੀ ਹੈ।
ਘਟਨਾ ਦੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਪਿਛਲੇ 4 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਪਾਠੀ ਨਿਰਮਲ ਸਿੰਘ ਦੀ ਭੈਣ ਦਾ ਵਿਆਹ ਮੁੱਖ ਸੇਵਾਦਾਰ ਅਜੀਤ ਸਿੰਘ ਦੇ ਰਿਸ਼ਤੇਦਾਰ ਨਾਲ ਤੈਅ ਹੋਇਆ ਸੀ। ਵਿਆਹ ‘ਚ ਚਾਰ ਦਿਨ ਬਾਕੀ ਸਨ ਪਰ ਜਦੋਂ ਲੜਕੀ ਨੂੰ ਪਤਾ ਲੱਗਾ ਕਿ ਲਾੜਾ ਜੋ ਕਿ ਵਿਦੇਸ਼ ਤੋਂ ਆਇਆ ਸੀ, ਸ਼ਰਾਬ ਪੀਣ ਦਾ ਆਦੀ ਹੈ ਤਾਂ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਮੁੱਖ ਸੇਵਾਦਾਰ ਅਜੀਤ ਸਿੰਘ ਨੇ ਲੜਕੀ ਦੇ ਫੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਉਸ ਦੀ ਮਰਜ਼ੀ ਹੈ ਕਿ ਉਹ ਕਿਸ ਨਾਲ ਵਿਆਹ ਕਰਦੀ ਹੈ। ਇਸ ਤੋਂ ਗੁੱਸੇ ‘ਚ ਆ ਕੇ ਨਿਰਮਲ ਸਿੰਘ ਨੇ ਸੇਵਾਦਾਰ ‘ਤੇ ਸੀਰੀ ਸਾਹਿਬ ਨਾਲ ਹਮਲਾ ਕਰ ਦਿੱਤਾ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁੱਖ ਸੇਵਾਦਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।