ਜਲੰਧਰ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟਰੇਨ ਰਾਹੀਂ ਵਾਰਾਣਸੀ ਦੇ ਸ਼੍ਰੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ। ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟਰੇਨ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਿਟੀ ਰੇਲਵੇ ਸਟੇਸ਼ਨ ‘ਤੇ ਆਸਥਾ ਦਾ ਹੜ੍ਹ ਵੇਖਣ ਨੂੰ ਮਿਲਿਆ।

ਰੇਲਵੇ ਸਟੇਸ਼ਨ ‘ਤੇ ਸੰਗਤ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਹਰ ਪਾਸੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਗੂੰਜੇ। ਦੱਸਣਯੋਗ ਹੈ ਕਿ ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਸ਼ਰਧਾਲੂ ਡੇਰਾ ਬੱਲਾਂ ਤੋਂ ਸ਼ੋਭਾ ਯਾਤਰਾ ਕੱਢਦੇ ਹੋਏ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚਦੇ ਹਨ। ਸ਼ਰਧਾਲੂਆਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਹਨ।

ਚੱਲਣਗੀਆਂ 4 ਸਪੈਸ਼ਲ ਟਰੇਨਾਂ 
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੌਕੇ ‘ਤੇ 4 ਵਿਸ਼ੇਸ਼ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਦੋ ਟਰੇਨਾਂ ਪੰਜਾਬ ਦੇ ਜਲੰਧਰ ਅਤੇ ਬਠਿੰਡਾ ਤੋਂ ਬਨਾਰਸ ਜਾਣਗੀਆਂ। ਦੋ ਰੇਲ ਗੱਡੀਆਂ ਸ਼ਰਧਾਲੂਆਂ ਨੂੰ ਉਥੋਂ ਵਾਪਸ ਲੈ ਕੇ ਜਲੰਧਰ ਅਤੇ ਬਠਿੰਡਾ ਲਈ ਵਾਪਸ ਆਉਣਗੀਆਂ। ਅੱਜ ਜਲੰਧਰ ਤੋਂ ਵਿਸ਼ੇਸ਼ ਰੇਲ ਗੱਡੀ ਨੰਬਰ 04606 ਦੁਪਹਿਰ ਕਰੀਬ 2.15 ਵਜੇ ਰਵਾਨਾ ਹੋਈ ਅਤੇ ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਆਲਮ ਨਗਰ, ਲਖਨਊ ਸਟੇਸ਼ਨਾਂ ਤੋਂ ਹੁੰਦੇ ਹੋਈ ਅਗਲੇ ਦਿਨ 3 ਫਰਵਰੀ ਨੂੰ ਦੁਪਹਿਰ 1:10 ਵਜੇ ਬਨਾਰਸ ਪਹੁੰਚੇਗੀ। ਉਥੋਂ 6 ਫਰਵਰੀ ਨੂੰ ਰੇਲਗੱਡੀ ਨੰਬਰ 04605 ਸ਼ਾਮ 6:15 ਵਜੇ ਰਵਾਨਾ ਹੋਵੇਗੀ ਅਤੇ ਉਕਤ ਸਟੇਸ਼ਨਾਂ ਰਾਹੀਂ ਅਗਲੇ ਦਿਨ 7 ਫਰਵਰੀ ਨੂੰ ਦੁਪਹਿਰ 1:35 ਵਜੇ ਜਲੰਧਰ ਪਹੁੰਚੇਗੀ।

ਜਦਕਿ ਬਠਿੰਡਾ ਤੋਂ ਵਿਸ਼ੇਸ਼ ਰੇਲ ਗੱਡੀ ਨੰਬਰ 04530 ਅੱਜ ਰਾਤ 9.05 ਵਜੇ ਰਵਾਨਾ ਹੋਵੇਗੀ ਅਤੇ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਤੋਂ ਹੁੰਦੀ ਹੋਈ ਅਗਲੇ ਦਿਨ 3 ਫਰਵਰੀ ਨੂੰ ਸ਼ਾਮ 5 ਵਜੇ ਬਨਾਰਸ ਪਹੁੰਚੇਗੀ। ਉਥੇ ਹੀ 6 ਫਰਵਰੀ ਨੂੰ ਉੱਥੋਂ ਵਾਪਸ ਆਉਣ ਲਈ ਰੇਲ ਗੱਡੀ ਨੰਬਰ 04529 ਰਾਤ 9 ਵਜੇ ਚੱਲੇਗੀ ਅਤੇ ਉਕਤ ਸਟੇਸ਼ਨਾਂ ਰਾਹੀਂ ਅਗਲੇ ਦਿਨ 7 ਫਰਵਰੀ ਨੂੰ ਸ਼ਾਮ 7.10 ਵਜੇ ਬਠਿੰਡਾ ਪਹੁੰਚੇਗੀ।