ਫਤਿਹਗੜ੍ਹ ਸਾਹਿਬ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਫਤਿਹਗੜ੍ਹ ਸਾਹਿਬ ਹਲਕੇ ਲਈ 10 ਕਰੋੜ ਰੁਪਏ ਦਾ ਪੈਕੇਜ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਫਤਿਹਗੜ੍ਹ ਸਾਹਿਬ ਦੇ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਸਥਾਨਕ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਮੰਗ ‘ਤੇ ਇਹ ਪੈਕੇਜ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਫਤਿਹਗੜ੍ਹ ਸਾਹਿਬ-ਮੋਰਿੰਡਾ ਸੜਕ ਦਾ ਨਾਂ ਮਾਤਾ ਗੁਜਰੀ ਜੀ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਸੜਕ ਨੂੰ ਇਕ ਮਹੀਨੇ ਦੇ ਵਿੱਚ ਚੌੜਾ ਕੀਤਾ ਜਾਵੇਗਾ।

ਇਥੇ ਵਿਰਾਸਤ ਵਿਲਾ ਪੈਲੇਸ ਵਿੱਚ ਲੱਗੇ ਸੁਵਿਧਾ ਕੈਂਪ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਮਾਫ਼ੀਆ ਰਾਜ ਦਾ ਮੁਕੰਮਲ ਖ਼ਾਤਮਾ ਕੀਤਾ ਜਾਵੇਗਾ ਕਿਉਂਕਿ ਹੁਣ ਆਮ ਲੋਕਾਂ ਦਾ ਰਾਜ ਸਥਾਪਤ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਿੱਖ ਕੌਮ ਦੀ ਮਾਣਮੱਤੀ ਵਿਰਾਸਤ ਨੂੰ ਦਰਸਾਉਣ ਲਈ ਚਮਕੌਰ ਸਾਹਿਬ ਥੀਮ ਪਾਰਕ 15 ਨਵੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੀਵਾਲੀ ਮੌਕੇ ਪੰਜਾਬ ਵਾਸੀਆਂ ਲਈ ਕਿਸੇ ਵੱਡੇ ਤੋਹਫ਼ੇ ਦਾ ਐਲਾਨ ਕਰਨ ਦੀ ਗੱਲ ਆਖੀ ਅਤੇ ਕਿਹਾ ਕਿ ਇਸ ਦਾ ਪਤਾ ਜਲਦ ਹੀ ਲੋਕਾਂ ਨੂੰ ਲੱਗ ਜਾਵੇਗਾ।

ਉਨ੍ਹਾਂ ਸੁਵਿਧਾ ਕੈਂਪ ਦੌਰਾਨ ਵੱਖ-ਵੱਖ ਸੇਵਾਵਾਂ ਦੇ ਲਾਭਪਾਤਰੀਆਂ ਨੂੰ ਸੇਵਾਵਾਂ ਹਾਸਲ ਕਰਨ ਦੇ ਸਰਟੀਫਿਕੇਟ ਵੀ ਤਕਸੀਮ ਕੀਤੇ।

ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ, ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ, ਮਨਦੀਪ ਕੌਰ ਨਾਗਰਾ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਡਾ. ਸ਼ੌਕਤ ਅਹਿਮਦ ਪਰੈ, ਕਮਿਸ਼ਨਰ ਪਟਿਆਲਾ ਡਿਵੀਜ਼ਨ ਚੰਦਰ ਗੈਂਦ, ਆਈ.ਜੀ. ਅਰੁਨ ਕੁਮਾਰ ਮਿੱਤਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਹਾਜ਼ਰ ਸਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ