ਚੰਡੀਗੜ੍ਹ | ਪੰਜਾਬ ਦੇ 355 ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਕੇਂਦਰ ਦੀ PM ਸ਼੍ਰੀ ਸਕੂਲ ਸਕੀਮ ਤਹਿਤ ਪੰਜਾਬ ਦੇ ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਨੂੰ ਅਗਲੇ 5 ਸਾਲ ਤਕ ਇਸ ਸਕੀਮ ਤਹਿਤ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵੱਖ-ਵੱਖ ਪੈਰਾਮੀਟਰ ਲਾਗੂ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਸਕੂਲਾਂ ‘ਚ ਇਨਫਰਾਸਟਰੱਕਚਰ ਤੋਂ ਲੈ ਕੇ ਆਧੁਨਿਕ ਲਰਨਿੰਗ ਸਹੂਲਤਾਂ ਤਕ ਮੁਹੱਈਆ ਕਰਨ ਲਈ ਕੇਂਦਰੀ ਯੋਜਨਾ ਤਹਿਤ ਫੰਡਿੰਗ ਕੀਤੀ ਜਾਵੇਗੀ।

ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਭੇਜੇ ਗਏ ਪੱਤਰ ਅਨੁਸਾਰ ਆਪਣੀ ਸਮੱਗਰ ਸਿੱਖਿਆ ਯੋਜਨਾ ਤਿਆਰ ਕਰਦੇ ਸਮੇਂ ਇਨ੍ਹਾਂ ਸਕੂਲਾਂ ਲਈ ਫੰਡਿੰਗ ਦਾ ਪ੍ਰਬੰਧ ਨਾ ਕਰੇ ਕਿਉਂਕਿ ਇਨ੍ਹਾਂ ਦੀ ਸਾਰੀ ਫੰਡਿੰਗ ਕੇਂਦਰ ਸਰਕਾਰ ਕਰੇਗੀ। ਕਈ ਥਾਈਂ ਅਜੇ ਵੀ ਇਕ ਹੀ ਸਕੂਲ ਦੀ ਚੋਣ ਹੋਈ ਹੈ। ਅਜਿਹੇ ਵਿਚ ਸਾਰੇ ਡੀ. ਈ. ਓ. ਜਲਦੀ ਦੂਜੇ ਸਕੂਲ ਦੀ ਵੀ ਚੋਣ ਕਰਕੇ ਉਸ ਦਾ ਪ੍ਰਸਤਾਅ ਤਿਆਰ ਯੋਜਨਾ ਦੇ ਤਹਿਤ ਜਮ੍ਹਾ ਕਰਵਾਉਣ। ਇਹ ਯੋਜਨਾ 2026-27 ਤਕ ਲਈ 5 ਸਾਲਾਂ ਲਈ ਲਾਗੂ ਕੀਤੀ ਗਈ ਹੈ। ਸਕੀਮ ਦੇ ਤਹਿਤ ਕੇਂਦਰ ਸਰਕਾਰ ਦੇਸ਼ ਭਰ ਵਿਚ 14 ਹਜ਼ਾਰ 500 ਸਕੂਲਾਂ ਦੀ ਚੋਣ ਕਰ ਰਹੀ ਹੈ।


ਸਿੱਖਿਆ ਵਿਭਾਗ ਨੇ ਇਸ ਸੰਬੰਧ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਪੀ. ਐੱਮ. ਸ਼੍ਰੀ ਸਕੂਲ ਸਕੀਮ ਦੇ ਤਹਿਤ ਸ਼ਾਮਲ ਕੀਤੇ ਗਏ ਸਕੂਲਾਂ ਦਾ ਇਕ ਪ੍ਰਸਤਾਅ ਤਿਆਰ ਕਰਕੇ ਭੇਜਿਆ ਜਾਵੇ। ਸੰਬੰਧਤ ਡੀ. ਈ. ਓ. ਅਤੇ ਹੋਰ ਸਿੱਖਿਆ ਅਧਿਕਾਰੀ ਇਸ ਦੀ ਇਕ ਯੋਜਨਾ ਬਣਾਉਣ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਯੋਜਨਾ ਤਹਿਤ ਸਾਰੇ ਬਲਾਕਸ, ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਵਿਚੋਂ 2-2 ਸਕੂਲ ਸ਼ਾਮਲ ਕੀਤੇ ਗਏ ਹਨ।