ਫ਼ਤਿਹਗੜ੍ਹ ਸਾਹਿਬ | ਪਿਛਲੇ ਦਿਨੀਂ ਕੌਮੀ ਰਾਜ ਮਾਰਗ ਉਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ ਸਾਢੇ 1200 ਤੋਂ ਵੱਧ ਸੇਬ ਦੀਆਂ ਭਰੀਆਂ ਪੇਟੀਆਂ ਚੁੱਕ ਕੇ ਲੈ ਗਏ ਸਨ।
ਜ਼ਖ਼ਮੀ ਹਾਲਤ ਵਿਚ ਟਰੱਕ ਡਰਾਈਵਰ ਉਥੇ ਬੈਠਾ, ਉਨ੍ਹਾਂ ਦੀਆਂ ਮਿੰਨਤਾਂ-ਤਰਲੇ ਕਰਦਾ ਰਿਹਾ ਪਰ ਉਸ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ, ਬੱਸ ਪੇਟੀਆਂ ਚੁੱਕ-ਚੁੱਕ ਘਰ ਨੂੰ ਲੈ ਗਏ। ਡਰਾਈਵਰ ਨੇ ਵੀ ਸਵਾਲ ਕੀਤਾ ਸੀ ਕਿ ਇਹ ਬਿਹਾਰ ਹੈ ਜਾਂ ਪੰਜਾਬ । ਉਨ੍ਹਾਂ ਨੇ ਤਾਂ ਪੰਜਾਬੀਆਂ ਦੀਆਂ ਸਿਫਤਾਂ ਸੁਣੀਆਂ ਸਨ ਪਰ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ ਤੇ ਸਾਰਾ ਮਾਲ ਲੁੱਟ ਕੇ ਲੈ ਗਏ।

ਉਹ ਹੁਣ ਆਪਣੇ ਮਾਲਕ ਨੂੰ ਕੀ ਜਵਾਬ ਦੇਵੇਗਾ ਇਸ ਦੀ ਸੋਸ਼ਲ ਮੀਡੀਆ ਉਤੇ ਕਾਫੀ ਆਲੋਚਨਾ ਹੋਈ ਸੀ। ਸੋਸ਼ਲ ਮੀਡੀਆ ‘ਤੇ ਸਵਾਲ ਉਠੇ ਸਨ ਕਿ ਇਹ ਉਹੀ ਪੰਜਾਬੀ ਹਨ ਜੋ ਬਿਪਤਾ ਸਮੇਂ ਲੋਕਾਂ ਦੀ ਮਦਦ ਲਈ ਉਠ ਖੜ੍ਹਦੇ ਸਨ।
ਹੁਣ ਪਟਿਆਲਾ ਤੇ ਮੁਹਾਲੀ ਦੇ 2 ਨੌਜਵਾਨਾਂ ਨੇ ਇਸ ਦਾਗ ਨੂੰ ਧੋ ਦਿੱਤਾ ਹੈ। ਪੰਜਾਬੀਆਂ ‘ਤੇ ਸੇਬ ਚੋਰੀ ਦਾ ਦਾਗ ਨਹੀਂ ਲੱਗਣ ਦਿੱਤਾ। ਨੌਜਵਾਨਾਂ ਨੇ ਸੇਬਾਂ ਦੇ ਵਪਾਰੀ ਨੂੰ ਬੁਲਾ ਕੇ 9 ਲੱਖ 12 ਹਜ਼ਾਰ ਦਾ ਚੈੱਕ ਆਪਣੇ ਪੱਲਿਓਂ ਦੇ ਦਿੱਤਾ ।