ਗੁਰਦਾਸਪੁਰ (ਜਸਵਿੰਦਰ ਬੇਦੀ) | ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕੀੜੀ ਅਫਗਾਨਾ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ (20) ਕਰੀਬ ਇਕ ਸਾਲ ਪਹਿਲਾਂ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਪਰ ਬੀਤੇ ਕੱਲ ਡਿਊਟੀ ਦੌਰਾਨ ਅਚਾਨਕ ਵਾਪਰੇ ਹਾਦਸੇ ‘ਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਤੋਂ ਮਿਲੀ ਸੂਚਨਾ ਮੁਤਾਬਕ ਗੱਡੀ ‘ਚ ਬੈਠੇ ਗੁਰਿੰਦਰ ਦੇ ਸਿਰ ‘ਚੋਂ ਗੋਲੀ ਆਰ-ਪਾਰ ਹੋ ਗਈ।

ਗੁਰਵਿੰਦਰ ਸਿੰਘ ਦੀ ਲਾਸ਼ ਅੱਜ ਤਿਰੰਗੇ ‘ਚ ਲਪੇਟੀ ਪਿੰਡ ਪਹੁੰਚੀ। ਆਰਮੀ ਦੇ ਜਵਾਨਾਂ ਨੇ ਸਲਾਮੀ ਦਿੰਦਿਆਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ। ਪਿੰਡ ਵਿੱਚ ਸੋਗ ਦੀ ਲਹਿਰ ਸੀ ਅਤੇ ਹਰ ਇਕ ਦੀ ਅੱਖ ਨਮ ਨਜ਼ਰ ਆਈ।

ਸ਼ਹੀਦ ਗੁਰਵਿੰਦਰ ਸਿੰਘ ਜੰਮੂ ਦੇ ਸੈਕਟਰ ਅਖਨੂਰ ਵਿਚ ਤਾਇਨਾਤ ਸੀ। ਇਸ ਮੌਕੇ ਜਿਥੇ ਆਰਮੀ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ, ਉਥੇ ਹੀ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਹੀ ਆਰਮੀ ‘ਚੋਂ ਰਿਟਾਇਰਡ ਸੂਬੇਦਾਰ ਦਾ ਕਹਿਣਾ ਸੀ ਕਿ ਇਸ ਪਰਿਵਾਰ ਵਿਚੋਂ ਗੁਰਵਿੰਦਰ ਸਿੰਘ ਸਮੇਤ 3 ਲੋਕਾਂ ਨੇ ਫੌਜ ਵਿਚ ਸੇਵਾਵਾਂ ਦਿੰਦੇ ਹੋਏ ਦੇਸ਼ ਦੀ ਖਾਤਿਰ ਆਪਣੀ ਜਾਨ ਕੁਰਬਾਨ ਕੀਤੀ ਹੈ।

ਗੁਰਵਿੰਦਰ ਸਿੰਘ ਦੇ ਮਾਤਾ ਹਰਜਿੰਦਰ ਕੌਰ ਅਤੇ ਪਿਤਾ ਭਜਨ ਸਿੰਘ ਬਿਮਾਰ ਹਨ ਅਤੇ ਵੱਡਾ ਭਰਾ ਬੇਰੋਜ਼ਗਾਰ ਹੈ। ਸ਼ਹੀਦ ਦੇ ਭਰਾ ਖੁਸ਼ਦੀਪ ਸਿੰਘ ਨੇ ਕਿਹਾ ਕਿ ਜਿਥੇ ਸਾਨੂੰ ਭਰਾ ਦੀ ਕੁਰਬਾਨੀ ‘ਤੇ ਮਾਣ ਹੈ, ਉਥੇ ਭਰਾ ਦੇ ਚਲੇ ਜਾਣ ਦਾ ਦੁੱਖ ਵੀ ਹੈ, ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੈਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)