ਫ਼ਿਰੋਜ਼ਪੁਰ/ਮਮਦੋਟ| ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ‘ਤੇ ਖਾਈ ਫੇਮੇ ਦੀ ਵਿਖੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਗੱਡੀ ਅਤੇ ਟੈਂਪੂ-ਟਰੈਵਲਰ ਦਰਮਿਆਨ ਹੋਈ ਟੱਕਰ ‘ਚ 3 ਅਧਿਆਪਕਾਂ ਸਮੇਤ 4 ਜਣਿਆਂ ਦੀ ਮੌਤ ਹੋ ਗਈ ਹੈ। ਜਦਕਿ ਕਈ ਜ਼ਖ਼ਮੀ ਹੋ ਗਏ ਹਨ।

ਅਧਿਆਪਕ ਫਾਜ਼ਿਲਕਾ ਵਾਲੇ ਪਾਸਿਓਂ ਆ ਰਹੇ ਸਨ ਜੋ ਮਾਝੇ ਦੀ ਧਰਤ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਚ ਡਿਊਟੀ ਦੇਣ ਜਾ ਰਹੇ ਸਨ। ਜ਼ਖ਼ਮੀ ਅਧਿਆਪਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭੇਜ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਤਿੰਨ ਅਧਿਆਪਕਾਂ ਸਮੇਤ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ, ਗੱਡੀ ਵਿਚ ਕਰੀਬ 7 ਅਧਿਆਪਕ ਸਵਾਰ ਸਨ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਜ਼ਖਮੀਆਂ ਨੂੰ ਗੱਡੀ ‘ਚੋਂ ਕੱਢਿਆ ਗਿਆ। ਫਿਲਹਾਲ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।