lok Sabha Election : ਸੁਖਬੀਰ ਬਾਦਲ ਬਠਿੰਡਾ ਤੋਂ ਲੜ ਸਕਦੇ ਨੇ ਚੋਣ, ਹਰਸਿਮਰਤ ਕੌਰ ਨੂੰ ਫਿਰੋਜ਼ਪੁਰ ‘ਚ ਉਤਾਰਨ ਦੀ ਤਿਆਰੀ

0
3161

ਬਠਿੰਡਾ/ਫਿਰੋਜ਼ਪੁਰ | ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੀ ਨੂੰਹ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਵੱਲੋਂ ਫਿਰੋਜ਼ਪੁਰ ਤੋਂ ਚੋਣ ਲੜਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦਰਅਸਲ ਵਿਰੋਧੀ ਪਾਰਟੀਆਂ ਵੱਲੋਂ ਬਠਿੰਡਾ ਸੀਟ ‘ਤੇ ਕੀਤੀ ਘੇਰਾਬੰਦੀ ਦੇ ਮੱਦੇਨਜ਼ਰ ਅਕਾਲੀ ਦਲ ਇਹ ਫੈਸਲਾ ਲੈਣਾ ਚਾਹੁੰਦਾ ਹੈ।

ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਦੀ ਗੱਲ ਕਰੀਏ ਤਾਂ ਇਹ ਸੀਟਾਂ ਪਿਛਲੀਆਂ ਤਿੰਨ ਚੋਣਾਂ ਤੋਂ ਅਕਾਲੀ ਦਲ ਕੋਲ ਹਨ। ਇਹ ਦੋਵੇਂ ਹੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਨ ਪਰ 1997 ਤੋਂ ਬਾਅਦ ਇਹ ਪਹਿਲੀ ਲੋਕ ਸਭਾ ਚੋਣ ਹੈ ਜਦੋਂ ਪੰਜਾਬ ਵਿਚ ਅਕਾਲੀ ਇਕੱਲੇ ਲੜ ਰਹੇ ਹਨ। ਅਕਾਲੀ ਦਲ ਨੂੰ ਨੁੱਕਰੇ ਲਾਉਣ ਲਈ ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਵੀ ਇੱਥੋਂ ਆਪਣੇ ਮਜ਼ਬੂਤ ​​ਉਮੀਦਵਾਰ ਖੜ੍ਹੇ ਕੀਤੇ ਹਨ।

ਆਮ ਆਦਮੀ ਪਾਰਟੀ ਨੇ ਇਥੇ ਆਪਣੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਸਾਬਕਾ ਆਈਏਐਸ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਅਤੇ ਕਾਂਗਰਸ ਨੇ ਲੰਮਾ ਸਮਾਂ ਅਕਾਲੀ ਦਲ ਵਿਚ ਰਹਿ ਕੇ ਵਾਪਸੀ ਕਰਨ ਵਾਲੇ ਜੀਤ ਮਹਿੰਦਰ ਸਿੰਘ ਨੂੰ ਵੀ ਮੈਦਾਨ ਵਿਚ ਉਤਾਰਿਆ ਹੈ।

ਲੋਕ ਸਭਾ ਚੋਣਾਂ 2019 ਵਿਚ ਅਕਾਲੀ ਦਲ ਸਿਰਫ਼ ਦੋ ਸੀਟਾਂ ‘ਤੇ ਹੀ ਸਿਮਟ ਗਿਆ ਸੀ। ਇਨ੍ਹਾਂ ਦੋਵਾਂ ਸੀਟਾਂ ‘ਤੇ ਸੁਖਬੀਰ ਬਾਦਲ ਖੁਦ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਸੰਸਦ ਮੈਂਬਰ ਸਨ। ਇਸ ਦੇ ਨਾਲ ਹੀ ਜੇਕਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ 2009 ਤੋਂ 2017 ਤੱਕ ਪੰਜਾਬ ‘ਤੇ ਰਾਜ ਕਰਨ ਵਾਲਾ ਅਕਾਲੀ ਦਲ 3 ਸੀਟਾਂ ‘ਤੇ ਸਿਮਟ ਗਿਆ।

ਜਿਨ੍ਹਾਂ ਵਿਚੋਂ ਸਿਰਫ਼ ਮਜੀਠੀਆ ਤੋਂ ਗੁਣੀਵ ਕੌਰ ਮਜੀਠੀਆ, ਬੰਗਾ ਤੋਂ ਸੁਖਵਿੰਦਰ ਕੁਮਾਰ ਅਤੇ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਪੰਜਾਬ ਵਿਧਾਨ ਸਭਾ ਵਿਚ ਪੁੱਜੇ ਸਨ।

ਹਰਸਿਮਰਤ ਕੌਰ ਬਾਦਲ ਨੇ ਆਪਣਾ ਸਿਆਸੀ ਸਫਰ 2009 ਵਿਚ ਸ਼ੁਰੂ ਕੀਤਾ ਸੀ। ਉਸ ਨੇ ਪਹਿਲੀ ਵਾਰ ਬਠਿੰਡਾ ਤੋਂ ਹੀ ਚੋਣ ਲੜੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬਠਿੰਡਾ ਤੋਂ ਤਿੰਨ ਚੋਣਾਂ ਲੜ ਚੁੱਕੀ ਹੈ ਅਤੇ ਸਾਰੀਆਂ ਹੀ ਜਿੱਤੀਆਂ ਹਨ ਪਰ ਬਦਲਦੇ ਸਮੀਕਰਨਾਂ ਦਰਮਿਆਨ ਅਕਾਲੀ ਦਲ ਹਰਸਿਮਰਤ ਨੂੰ ਪਾਰਲੀਮੈਂਟ ਤੱਕ ਪਹੁੰਚਣ ਲਈ ਸਭ ਤੋਂ ਸੁਰੱਖਿਅਤ ਸੀਟ ‘ਤੇ ਖੜ੍ਹਾ ਕਰਨਾ ਚਾਹੁੰਦਾ ਹੈ ਪਰ ਹਰਸਿਮਰਤ ਇਸ ਲਈ ਤਿਆਰ ਨਹੀਂ ਹੈ। ਹਾਲ ਹੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਨੇ ਸਾਫ ਕਿਹਾ ਸੀ ਕਿ ਜੇਕਰ ਉਹ ਚੋਣ ਲੜਦੀ ਹੈ ਤਾਂ ਉਹ ਬਠਿੰਡਾ ਤੋਂ ਹੀ ਚੋਣ ਲੜੇਗੀ। ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦਾ ਕੰਮ ਹੈ।