ਤਰਨਤਾਰਨ| ਨਿੱਤ ਦਿਨ ਮਾਪਿਆਂ ਦੇ ਨੌਜਵਾਨ ਪੁੱਤ ਨਸ਼ੇ ਦੀ ਬਲੀ ਚੜ੍ਹਦੇ ਜਾ ਰਹੇ ਹਨ ਅਤੇ ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਜਿੱਥੇ ਮਾਪਿਆਂ ਦਾ ਇਕ 19 ਸਾਲ ਦਾ ਨੌਜਵਾਨ ਇਕਲੌਤਾ ਪੁੱਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਵਿੱਚ ਚਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦਲਬੀਰ ਕੌਰ ਅਤੇ ਨਿਹੰਗ ਸਿੰਘ ਜਥੇਬੰਦੀ ਅਤੇ ਮ੍ਰਿਤਕ ਨੌਜਵਾਨ ਮਹਿਕਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਤਾਏ ਦੇ ਲੜਕੇ ਰਣਜੋਧ ਬੀਰ ਸਿੰਘ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਅੱਗੇ ਨਾਲੋਂ ਵੀ ਜ਼ਿਆਦਾ ਵਿਕ ਰਿਹਾ ਹੈ। ਆਏ ਦਿਨੀਂ ਨੌਜਵਾਨ ਇਸ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਕਦੀਪ ਸਿੰਘ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹੈ ਅਤੇ ਕੁਝ ਦੇਰ ਬਾਅਦ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਮਹਿਕਦੀਪ ਸਿੰਘ ਦੀ ਲਾਸ਼ ਨਹਿਰ ਕੋਲ ਝਾੜੀਆਂ ਵਿਚ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਜਾ ਕੇ ਵੇਖਿਆ ਤਾਂ ਮਹਿਕਦੀਪ ਸਿੰਘ ਨੇ ਨਸ਼ੇ ਦਾ ਟੀਕਾ ਲਾਇਆ ਹੋਇਆ ਸੀ ਅਤੇ ਉਸ ਦੇ ਲਾਗੇ ਕੋਈ ਵੀ ਨਹੀਂ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲੀਸ ਕੋਈ ਵੀ ਕੰਟਰੋਲ ਨਹੀਂ ਕਰ ਰਹੀ । ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕੀਤੀ ਕਿ ਨਸ਼ੇ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤਾਂ ਜੋ ਹੋਰ ਨੌਜਵਾਨ ਇਸ ਦੀ ਬਲੀ ਨਾ ਚੜ੍ਹ ਸਕਣ। ਉਧਰ ਮੌਕੇ ‘ਤੇ ਥਾਣਾ ਖਡੂਰ ਸਾਹਿਬ ਦੇ ਐਸਐਚਓ ਇੰਸਪੈਕਟਰ ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਜਲਦੀ ਹੀ ਪਤਾ ਲਾ ਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ।