ਹਿਸਾਰ, 8 ਸਤੰਬਰ| ਪੜਾਵ ਚੌਕ ਨੇੜੇ ਸਤਿਆਨਾਰਾਇਣ ਮੰਦਰ ‘ਚ ਜਨਮ ਅਸ਼ਟਮੀ ਦਾ ਪ੍ਰੋਗਰਾਮ ਕਰਵਾਇਆ ਗਿਆ। ਕ੍ਰਿਸ਼ਨ ਸੁਦਾਮਾ ਦੀ ਲੀਲ੍ਹਾ ਸੁਣਾਈ ਜਾ ਰਹੀ ਸੀ। ਇਸ ਦੌਰਾਨ ਸੁਦਾਮਾ ਦਾ ਕਿਰਦਾਰ ਨਿਭਾਅ ਰਹੇ 32 ਸਾਲਾ ਵਿਅਕਤੀ ਦੀ ਮੌਤ ਹੋ ਗਈ। ਰੋਹਿਤ ਨੂੰ ਪਿਛਲੇ ਚਾਰ ਸਾਲਾਂ ਤੋਂ ਦਿਲ ਦੀ ਸਮੱਸਿਆ ਸੀ। ਮ੍ਰਿਤਕ ਦੀ ਪਛਾਣ ਸ਼ਾਂਤੀ ਨਗਰ ਦੇ ਰਹਿਣ ਵਾਲੇ 32 ਸਾਲਾ ਰੋਹਿਤ ਵਜੋਂ ਹੋਈ ਹੈ।

ਚਾਰ ਸਾਲਾਂ ਤੋਂ ਸੀ ਦਿਲ ਦੀ ਸਮੱਸਿਆ ਨਾਲ ਪੀੜਤ

ਮੰਦਰ ‘ਚ ਜਨਮ ਅਸ਼ਟਮੀ ਪ੍ਰੋਗਰਾਮ ਦੌਰਾਨ ਬੀਤੀ ਰਾਤ ਨੱਚਦੇ ਹੋਏ ਰੋਹਿਤ ਅਚਾਨਕ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਡਾਂਸ ਕਰਦੇ ਸਮੇਂ ਅਚਾਨਕ ਹੋਇਆ ਛਾਤੀ ‘ਚ ਦਰਦ
ਪੜਾਵ ਚੌਕੀ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੰਦਰ ‘ਚ ਡਾਂਸ ਕਰਦੇ ਸਮੇਂ ਰੋਹਿਤ ਨੂੰ ਅਚਾਨਕ ਛਾਤੀ ‘ਚ ਦਰਦ ਹੋਇਆ ਤੇ ਉਹ ਹੇਠਾਂ ਡਿੱਗ ਗਿਆ। ਉਸ ਸਮੇਂ ਆਸਪਾਸ ਦੇ ਲੋਕਾਂ ਨੇ ਉਸ ਨੂੰ ਸੰਭਾਲ ਕੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਾਕਟਰ ਨੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੋ ਬੱਚਿਆਂ ਦਾ ਪਿਤਾ ਸੀ ਮ੍ਰਿਤਕ ਨੌਜਵਾਨ

ਰੋਹਿਤ ਸ਼ਾਦੀਸ਼ੁਦਾ ਸੀ ਤੇ ਉਸ ਦੇ ਦੋ ਬੱਚੇ ਵੀ ਹਨ। ਕਈ ਸਾਲਾਂ ਤੋਂ ਜਗਰਾਤਿਆਂ ‘ਚ ਸੁਦਾਮਾ ਤੇ ਹੋਰ ਭੂਮਿਕਾਵਾਂ ਨਿਭਾਉਂਦਾ ਸੀ। ਰਿਸ਼ਤੇਦਾਰ ਦੇ ਬਿਆਨਾਂ ‘ਤੇ ਪੁਲਿਸ ਨੇ ਇਤਫਾਕੀਆ ਮੌਤ ਦੀ ਕਾਰਵਾਈ ਕੀਤੀ ਹੈ।