ਭਵਾਨੀਗੜ੍ਹ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਰੋਵਰ ‘ਚ ਇਸ਼ਨਾਨ ਕਰਨ ਸਮੇਂ 2 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੇਪਰਾਂ ‘ਚ ਪਾਸ ਹੋਣ ਦਾ ਸ਼ੁਕਰਾਨਾ ਕਰਨ ਗੁਰੂ ਘਰ ਨੌਜਵਾਨ ਗਏ ਸੀ। ਸਰੋਵਰ ‘ਚ ਨਹਾਉਣ ਲੱਗਿਆਂ 2 ਨੌਜਵਾਨ ਡੁੱਬ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝਨੇੜੀ ਵਿਖੇ ਸਥਿਤ ਸੱਤਿਆ ਭਾਰਤੀ ਆਦਰਸ਼ ਸਕੂਲ ਦੇ 8 ਵਿਦਿਆਰਥੀ 10ਵੀਂ ਦੇ ਆਏ ਚੰਗੇ ਨਤੀਜਿਆਂ ਉਪਰੰਤ ਘਰੋਂ ਪਾਰਟੀ ਕਰਨ ਦਾ ਕਹਿ ਕੇ ਆਏ ਸਨ। ਇਸ ਤੋਂ ਬਾਅਦ ਉਹ ਸਾਰੇ ਪਿੰਡ ਫੱਗੂਵਾਲਾ ਦੇ ਸੁਨਾਮ ਰੋਡ ‘ਤੇ ਸਥਿਤ ਗੁਰਦੁਆਰਾ ਸਹਿਬ ਦੇ ਸਰੋਵਰ ‘ਚ ਨਹਾਉਣ ਲੱਗ ਗਏ। ਸਰੋਵਰ ਡੂੰਘਾ ਹੋਣ ਕਾਰਨ ਉਨ੍ਹਾਂ ਵਿੱਚੋਂ 2 ਜਣੇ ਡੁੱਬ ਗਏ ਜਿਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਲੜਕਿਆਂ ‘ਚੋਂ ਇੱਕ ਦੀ ਉਮਰ 16 ਤੇ ਦੂਜੇ ਦੀ 15 ਸਾਲ ਦੀ ਹੈ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ ਪੁੱਤਰ ਹਰਦਿਆਲ ਸਿੰਘ ਦਿਆਲੂ ਵਾਸੀ ਪਿੰਡ ਰੇਤਗੜ੍ਹ ਤੇ ਪਿੰਡ ਕਪਿਆਲ ਮੰਦਰ ਦੇ ਪੁਜਾਰੀ ਮੋਹਨ ਨੋਟੀਆਲ ਦੇ ਲੜਕੇ ਅਕਸ਼ੈ ਦੇ ਰੂਪ ਵਿੱਚ ਹੋਈ ਹੈ।

ਘਟਨਾ ਦੁਪਹਿਰ ਕਰੀਬ 1 ਵਜੇ ਵਾਪਰੀ ਦੱਸੀ ਜਾ ਰਹੀ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਦਫ਼ਤਰ ਅੰਦਰ ਬੈਠੇ ਗੁਰੂ ਘਰ ‘ਚ ਲੱਗੇ ਕੈਮਰਿਆਂ ਦੀ ਲਾਈਵ ਵੀਡੀਓ ‘ਚ ਉਨ੍ਹਾਂ ਦੇਖਿਆ ਕਿ ਕੁੱਝ ਲੜਕੇ ਸਰੋਵਰ ਵਿਚ ਨਹਾ ਰਹੇ ਸਨ ਤਾਂ ਸੇਵਾਦਾਰ ਨੇ ਉਨ੍ਹਾਂ ਨੂੰ ਨੰਗੇ ਸਿਰ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਵਰਜਦਿਆਂ ਇਸ ਤਰ੍ਹਾਂ ਨਾ ਕਰਨ ਲਈ ਆਖਿਆ। ਇਸ ਉਪਰੰਤ ਕੁੱਝ ਸਮੇਂ ਬਾਅਦ ਉਨ੍ਹਾਂ ‘ਚੋਂ 2 ਲੜਕੇ ਸਰੋਵਰ ‘ਚ ਡੁੱਬ ਗਏ ਜਿਨ੍ਹਾਂ ਦੀ ਪਛਾਣ ਅਕਸ਼ੈ ਤੇ ਜਸਕਰਨ ਸਿੰਘ ਦੇ ਰੂਪ ‘ਚ ਹੋਈ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਗੁਰੂ ਘਰ ਦੇ ਮੈਨੇਜਰ ਅਤੇ ਨੌਜਵਾਨਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।