ਇੰਟਰਨੈਸ਼ਨਲ ਡੈੱਸਕ | ਅੱਜ-ਕੱਲ੍ਹ ਰਾਜਮਾ-ਚਾਵਲ ਅਤੇ ਇੰਸਟੈਂਟ ਇਡਲੀ ਤੋਂ ਇਲਾਵਾ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਦੀਆਂ ਹਨ, ਜੋ ਰੈਡੀ ਟੂ ਕੁੱਕ ਹੁੰਦੀਆਂ ਹਨ। ਇੱਥੋਂ ਤੱਕ ਕਿ ਬਹੁਤ ਸਾਰੀਆਂ ਕੰਪਨੀਆਂ ਇਸ ਵਿੱਚ ਲੱਗਣ ਵਾਲੇ ਘੱਟ ਸਮੇਂ ਬਾਰੇ ਦਾਅਵੇ ਕਰਦੀਆਂ ਹਨ। ਭਾਵੇਂ ਇਨ੍ਹਾਂ ਨੂੰ ਪਕਾਉਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।
ਇਨ੍ਹਾਂ ਦਾਅਵਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਅਮਰੀਕੀ ਔਰਤ ਨੇ ਇੱਕ ਫੂਡ ਕੰਪਨੀ ਨੂੰ ਅਦਾਲਤ ਵਿੱਚ ਘੜੀਸਿਆ ਹੈ ਕਿਉਂਕਿ ਉਸ ਨੂੰ ਮਕਰੋਨੀ ਤਿਆਰ ਕਰਨ ਵਿੱਚ ਤੈਅ ਤੋਂ ਵੱਧ ਸਮਾਂ ਲੱਗ ਗਿਆ ਸੀ। ਫਲੋਰੀਡਾ ਦੀ ਇਕ ਔਰਤ ਨੇ ਅਮਰੀਕੀ ਫੂਡ ਕੰਪਨੀ ਕ੍ਰਾਫਟ ਹੇਂਜ਼ ਉਤੇ ਕੁੱਲ 40 ਕਰੋੜ ਰੁਪਏ ਦਾ ਮੁਕੱਦਮਾ ਕੀਤਾ ਹੈ। ਔਰਤ ਦਾ ਦਾਅਵਾ ਹੈ ਕਿ ਜਿਸ ਮਕਰੋਨੀ ਨੂੰ ਕੰਪਨੀ ਨੇ ਪਕਾਉਣ ਲਈ 3.5 ਮਿੰਟ ਲੱਗਣ ਦਾ ਦਾਅਵਾ ਕੀਤਾ ਸੀ, ਉਹ ਤੈਅ ਸਮੇਂ ‘ਚ ਪੱਕ ਨਹੀਂ ਸਕਿਆ। ਪਰੇਸ਼ਾਨ ਔਰਤ ਨੇ ‘ਰੈਡੀ ਟੂ ਕੁੱਕ’ ਭੋਜਨ ਵਾਲੀ ਕੰਪਨੀ ‘ਤੇ ਦੋਸ਼ ਲਗਾਇਆ ਹੈ ਕਿ ਉਤਪਾਦ ਦੇ ਡੱਬੇ ‘ਤੇ ਲਿਖੇ ਸਮੇਂ ਦੇ ਅੰਦਰ ਤਿਆਰ ਨਹੀਂ ਹੋਇਆ।
ਰਿਪੋਰਟਾਂ ਮੁਤਾਬਕ ਔਰਤ ਨੇ ਜਿਸ ਕੰਪਨੀ ‘ਤੇ ਕੇਸ ਦਰਜ ਕੀਤਾ ਹੈ, ਉਸ ਦਾ ਨਾਂ ਕ੍ਰਾਫਟ ਹੇਂਜ਼ ਹੈ ਅਤੇ ਇਹ ਮਲਟੀਨੈਸ਼ਨਲ ਫੂਡ ਕੰਪਨੀ ਹੈ। ਔਰਤ ਦਾ ਨਾਂ ਅਮਾਂਡਾ ਰਮੀਰੇਜ਼ ਹੈ ਅਤੇ ਉਹ ਦੱਖਣੀ ਫਲੋਰੀਡਾ ਦੀ ਰਹਿਣ ਵਾਲੀ ਹੈ।
ਉਸ ਨੇ ਕੰਪਨੀ ਦੇ ਖਿਲਾਫ ਫਲੋਰੀਡਾ ਦੇ ਮਿਆਮੀ ਡਿਵੀਜ਼ਨ ‘ਚ 18 ਨਵੰਬਰ ਨੂੰ ਮਾਮਲਾ ਦਰਜ ਕਰਵਾਇਆ ਹੈ। ਔਰਤ ਦਾ ਕਹਿਣਾ ਹੈ ਕਿ ਕੰਪਨੀ ਦੇ ਉਤਪਾਦ ਮਾਈਕ੍ਰੋਵੇਵੇਬਲ ਸ਼ੈਲਸ ਐਂਡ ਚੀਜ਼ ਕੱਪਸ ਦੇ ਡੱਬੇ ‘ਤੇ ਬਣਨ ਦਾ ਸਮਾਂ ਸਿਰਫ 3.5 ਮਿੰਟ ਸੀ, ਪਰ ਇਹ ਉਸ ਸਮੇਂ ਵਿੱਚ ਤਿਆਰ ਨਹੀਂ ਹੋਇਆ ਸੀ। ਜਿਸ ਤੋਂ ਬਾਅਦ ਅਮਾਂਡਾ ਨੇ 5-10 ਲੱਖ ਦਾ ਨਹੀਂ ਬਲਕਿ ਪੂਰੇ 5 ਮਿਲੀਅਨ ਡਾਲਰ ਯਾਨੀ ਕਰੀਬ 40 ਕਰੋੜ ਦਾ ਮਾਮਲਾ ਦਰਜ ਕਰਵਾਇਆ ਹੈ।