ਬਿਹਾਰ | ਪਟਨਾ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਬਿਆਨ ਤੋਂ ਬਾਅਦ ਸਿਆਸੀ ਪਾਰਾ ਵੱਧ ਗਿਆ ਹੈ। ਪਟਨਾ ਦੇ ਐਸਐਸਪੀ ਨੇ PFI ਦੇ ਕਥਿਤ ਦਹਿਸ਼ਤੀ ਮਾਡਿਊਲ ਦੀ RSS ਨਾਲ ਤੁਲਨਾ ਕਰਕੇ ਹੰਗਾਮਾ ਮਚਾ ਦਿੱਤਾ ਹੈ। ਪੁਲਿਸ ਅਧਿਕਾਰੀ ਦੇ ਇਸ ਬਿਆਨ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਵਲੋਂ ਅਧਿਕਾਰੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸੂਬੇ ਦੀ ਜੇਡੀਯੂ-ਭਾਜਪਾ ਸਰਕਾਰ ਦੀ ਭਾਈਵਾਲ ਜੀਤਨ ਰਾਮ ਮਾਂਝੀ ਦੀ ਪਾਰਟੀ ਨੇ ਬਚਾਅ ਕੀਤਾ ਹੈ।
ਪਟਨਾ ਦੇ ਐਸਐਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ RSS ਵਿੱਚ ਲਾਠੀਆਂ ਚਲਾਉਣ ਲਈ ਸ਼ਾਖਾ ਅਤੇ ਸਿਖਲਾਈ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਸਰੀਰਕ ਸਿੱਖਿਆ ਦੀ ਆੜ ਵਿੱਚ PFI ਨੌਜਵਾਨਾਂ ਨੂੰ ਆਪਣੇ ਕੇਂਦਰ ਵਿੱਚ ਬੁਲਾ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਧਾਇਆ ਜਾਂਦਾ ਹੈ।
ਇਸ ਤੋਂ ਤੁਰੰਤ ਬਾਅਦ ਭਾਜਪਾ ਆਗੂਆਂ ਵੱਲੋਂ ਇਸ ਬਿਆਨ ਦੀ ਨਿੰਦਾ ਕਰਦਿਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਗਲੇ 48 ਘੰਟਿਆਂ ਵਿੱਚ ਸ੍ਰੀ ਢਿੱਲੋਂ ਤੋਂ ਸਪੱਸ਼ਟੀਕਰਨ ਮੰਗਣ ਲਈ ਕਿਹਾ ਹੈ।
ਅਧਿਕਾਰੀ ਦਾ ਬਿਆਨ ਪਾਪੂਲਰ ਫਰੰਟ ਆਫ ਇੰਡੀਆ ਜਾਂ PFI ਨਾਲ ਜੁੜੇ ਸੰਭਾਵਿਤ ਦਹਿਸ਼ਤੀ ਮਾਡਿਊਲ ਦਾ ਪਤਾ ਲਗਾਉਣ ਬਾਰੇ ਮੀਡੀਆ ਨਾਲ ਗੱਲਬਾਤ ਦੌਰਾਨ ਆਇਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਪਟਨਾ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੌਰੇ ‘ਤੇ ਸਨ।