ਕੋਰੋਨਾ ਸੰਕਟ : ਜਲੰਧਰ ਦੀ ਸਪੋਰਟਸ ਮਾਰਕੀਟ ਮੰਦੀ ਦੇ ਰਾਹ ‘ਤੇ, ਰੋਜ਼ਾਨਾ ਹੋ ਰਿਹਾ ਕਰੋੜਾਂ ਦਾ ਨੁਕਸਾਨ

    0
    809

    ਗੁਰਪ੍ਰੀਤ ਡੈਨੀ | ਜਲੰਧਰ

    ਕੋਰੋਨਾ ਨੇ ਸਾਰੀ ਦੁਨੀਆਂ ਵਿਚ ਖਲਬਲੀ ਮਚਾ ਦਿੱਤੀ ਹੈ। ਇਸ ਨਾਲ ਹੋ ਰਹੇ ਆਰਥਿਕ ਨੁਕਸਾਨ ਦੀ ਲਪੇਟ ਵਿੱਚ ਹੁਣ ਜਲੰਧਰ ਦੀ ਸਪੋਰਟਸ ਇੰਡਸਟਰੀ ਵੀ ਆ ਗਈ ਹੈ। ਪੂਰੀ ਦੁਨੀਆ ਵਿਚ ਸਪੋਰਟਸ ਦਾ ਸਾਮਾਨ ਭੇਜਣ ਵਾਲੇ ਕਾਰੋਬਾਰੀਆਂ ਉੱਤੇ ਹੁਣ ਵਪਾਰ ਸੰਕਟ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਡੇਢ ਲੱਖ ਲੋਕ ਇਸ ਸੰਕਟ ਤੋਂ ਪ੍ਰਭਾਵਿਤ ਹੋਏ ਹਨ।

    ਜਲੰਧਰ ਦੀ ਡਿਕਸਨ ਸਪੋਰਟਸ ਕੰਪਨੀ ਦੇ ਮਾਲਕ ਰਵਿੰਦਰ ਧੀਰ ਕਹਿੰਦੇ ਹਨ- ਕੋਰੋਨਾ ਨੇ ਤਾਂ ਸਪੋਰਟਸ ਮਾਰਕਿਟ ਦੇ ਦੁਕਾਨਦਾਰਾਂ ਅਤੇ ਵਪਾਰਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਸਾਡਾ ਸਾਰਾ ਕੱਚਾ ਮਾਲ ਚੀਨ ਤੋਂ ਆਉਦਾ ਸੀ, ਜੋ ਪਾਬੰਦੀ ਦੇ ਕਾਰਨ ਬੰਦ ਹੋ ਗਿਆ ਹੈ। ਸਾਡੇ ਕਰਮਚਾਰੀ ਬਾਹਰਲੀਆਂ ਸਟੇਟਾਂ ਵਿਚ ਸਾਮਾਨ ਲੈ ਕੇ ਜਾਂਦੇ ਸਨ ਉਹਨਾਂ ਦੇ ਸਾਰੇ ਟੂਰ ਬੰਦ ਕਰਵਾ ਦਿੱਤੇ ਗਏ ਹਨ। ਕਾਰੋਬਾਰ ਘਾਟੇ ਵਿਚ ਚੱਲ ਰਿਹਾ ਹੈ, ਸਰਕਾਰ ਧਿਆਨ ਨਹੀਂ ਦੇ ਰਹੀ। ਬਿਜਲੀ ਬੋਰਡ ਤੇ ਵਾਟਰ ਸਪਲਾਈ ਵਾਲੇ ਬਿੱਲ ਸਮੇਂ ਸਿਰ ਮੰਗ ਰਹੇ ਹਨ ਪਰ ਆਮਦਨੀ ਬਹੁਤ ਘਾਟੇ ਵਿਚ ਚਲੀ ਗਈ ਹੈ।

    ਮਾਰਸ਼ਲ ਐਕਸਪੋਰਟ ਦੇ ਆਨਰ ਵਿਪਨ ਪਰਿੰਜਾ ਦੇ ਕਾਰੋਬਾਰ ਉੱਤੇ ਵੀ ਕੋਰੋਨਾ ਦਾ ਕਾਫੀ ਅਸਰ ਹੈ। ਦੱਸਦੇ ਹਨ- 20 ਮਾਰਚ ਤਕ ਸਰਕਾਰ ਜੀਐੱਸਟੀ ਮੰਗਦੀ ਹੈ। ਸਰਕਾਰ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਠੱਪ ਹੋ ਗਿਆ ਹੈ ਸਾਮਾਨ ਇੱਧਰ-ਉੱਧਰ ਸਪਲਾਈ ਨਹੀਂ ਹੋ ਰਿਹਾ ਪਰ ਫਿਰ ਵੀ ਸਰਕਾਰ ਵਲੋਂ ਸਾਨੂੰ ਕੋਈ ਰਾਹਤ ਨਹੀਂ ਹੈ। ਸਾਡੇ ਸਾਰੇ ਆਰਡਰ ਰੱਦ ਹੋ ਗਏ ਨੇ, ਕੰਪਨੀਆਂ ਨੇ ਚੈੱਕ ਵਾਪਸ ਕਰ ਦਿੱਤੇ ਹਨ।

    ਲਿਵੀਆ ਸਪੋਰਟਸ ਕੰਪਨੀ ਦੇ ਮਾਲਕ ਮਹਿੰਦਰ ਪਾਲ ਨੇ ਦੱਸਿਆ- ਸਾਡੇ ਕੋਲ ਕਈ ਕਰਮਚਾਰੀ ਕੰਮ ਕਰ ਰਹੇ ਹਨ, ਜਿਹਨਾਂ ਦੀਅਂ ਤਨਖਾਹਾਂ ਕੋਲੋਂ ਦੇਣੀਆਂ ਪੈ ਰਹੀਆਂ ਹਨ। ਸਾਰੇ ਪੰਜਾਬ ਵਿਚ ਸਾਡੇ ਕੋਲੋਂ ਸਾਮਾਨ ਜਾਂਦਾ ਹੈ ਜੋ ਟੂਰਨਾਮੈਂਟ ਰੱਦ ਹੋਣ ਕਾਰਨ ਬੰਦ ਹੋ ਗਿਆ ਹੈ। ਪੇਂਡੂ ਖੇਤਰਾਂ ਵਿਚ ਸਾਰੇ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ ਜਿਸ ਕਰਕੇ ਕਾਰੋਬਾਰ ਬਹੁਤ ਮਾੜੇ ਹਾਲਾਤ ਵਿਚ ਪੈ ਗਿਆ ਹੈ।

    ਏਪੀਜੀ ਸਪੋਰਟਸ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਪਵਨ ਲਲਹੋਤਰਾ ਨੇ ਦੱਸਿਆ ਕਿ ਇਸ ਵੇਲੇ ਪੂਰੀ ਦੁਨੀਆਂ ਵਿਚ ਲੋਕ ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨੀ ਵਿਚ ਹਨ। ਸਭ ਤੋਂ ਜਿਆਦਾ ਨੁਕਸਾਨ ਉਹਨਾਂ ਵਰਕਰਾਂ ਦਾ ਹੋ ਰਿਹਾ ਹੈ ਜਿਹੜੇ ਕਿ ਦਿਹਾੜੀ ਕਰਕੇ ਰੋਟੀ ਕਮਾਉਂਦੇ ਹਨ। ਇੰਡੀਆ ਅਤੇ ਇੰਡੀਆ ਤੋਂ ਬਾਹਰ ਸਾਰੇ ਖਿਡਾਰੀਆਂ ਨੇ ਖੇਡਣਾ ਬੰਦ ਕਰ ਦਿੱਤਾ ਜਿਸ ਕਰਕੇ ਸਪੋਰਟਸ ਮਾਰਕਿਟ ਦਾ ਕੰਮ ਡਾਊਨ ਗਿਆ ਹੈ। ਸਾਡੀ ਪ੍ਰੋਡਕਸ਼ਨ ਬੰਦ ਹੋਣ ਕਿਨਾਰੇ ਹੈ ਕਿਉਂਕਿ ਕੱਚਾ ਮਾਲ ਚੀਨ ਤੋਂ ਨਹੀਂ ਆ ਰਿਹਾ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।