ਲੁਧਿਆਣਾ, 11 ਨਵੰਬਰ | ਬੀਤੀ ਰਾਤ ਲੁਧਿਆਣਾ ਦੇ ਸੈਕਟਰ 32 ਵਿਚ ਸਕਾਰਪੀਓ ਕਾਰ ਚਾਲਕ ਨੇ ਹੰਗਾਮਾ ਕਰ ਦਿੱਤਾ। ਆਪਣੀ ਤੇਜ਼ ਰਫਤਾਰ ਕਾਰ ਨਾਲ ਉਸ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਕਰੀਬ 15 ਫੁੱਟ ਦੂਰ ਰੇਤ ‘ਤੇ ਡਿੱਗ ਗਈ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਕਾਰਪੀਓ ਚਾਲਕ ਨੇ ਇਲਾਕੇ ਦੀਆਂ 3 ਕਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਜਦੋਂ ਨਸ਼ੇ ‘ਚ ਧੁੱਤ ਵਿਅਕਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਘਰ ਦੀ ਕੰਧ ਟੱਪ ਕੇ ਫਰਾਰ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਮਹਿੰਦਰ ਗਰੋਵਰ ਨੇ ਦੱਸਿਆ ਕਿ ਗਲੀ ‘ਚ 3 ਤੋਂ 4 ਦੋਸਤ ਬੈਠੇ ਸਨ। ਸਾਰੇ ਆਪਣੇ ਘਰਾਂ ਨੂੰ ਪਰਤ ਗਏ। ਕਰੀਬ 10 ਮਿੰਟ ਬਾਅਦ ਰੌਲਾ ਪਿਆ ਕਿ ਕਿਸੇ ਨੇ ਕਿਸੇ ਵਾਹਨ ਨੂੰ ਟੱਕਰ ਮਾਰ ਦਿੱਤੀ ਹੈ। ਜਦੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਗਲੀ ਵਿਚ ਰਹਿਣ ਵਾਲੇ ਇੱਕ ਵਿਅਕਤੀ ਨੇ ਸਕਾਰਪੀਓ ਕਾਰ ਨਾਲ ਕਈ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਕ ਕਾਰ ਨੂੰ ਇੰਨੀ ਭਿਆਨਕ ਟੱਕਰ ਮਾਰੀ ਕਿ ਕਾਰ ਕਰੀਬ 15 ਤੋਂ 20 ਮੀਟਰ ਦੂਰ ਰੇਤ ਦੇ ਢੇਰ ‘ਤੇ ਜਾ ਡਿੱਗੀ।

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਾਰਾਂ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਸੀ। ਕਾਰ ਵਿਚ ਉਸ ਦੀ ਪਤਨੀ ਅਤੇ ਬੱਚਾ ਬੈਠੇ ਸਨ। ਹਾਦਸੇ ਤੋਂ ਬਾਅਦ ਉਕਤ ਵਿਅਕਤੀ ਆਪਣੇ ਘਰ ਚਲਾ ਗਿਆ ਅਤੇ ਆਪਣੀ ਪਤਨੀ ਨਾਲ ਝਗੜਾ ਕਰਨ ਲੱਗਾ। ਲੋਕਾਂ ਨੇ ਮੌਕੇ ‘ਤੇ ਪੀਸੀਆਰ ਦਸਤੇ ਨੂੰ ਬੁਲਾਇਆ, ਜਿਸ ਨੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਪਰ ਕਾਰਵਾਈ ਕਰ ਕੇ ਉੱਥੋਂ ਚਲੇ ਗਏ।

ਹਾਦਸੇ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਪੁਲਿਸ ਦੇ ਸਾਹਮਣੇ ਹੀ ਭੱਜ ਗਿਆ। ਜੇਕਰ ਪੁਲਿਸ ਸਮੇਂ ਸਿਰ ਉਸ ਨੂੰ ਫੜ ਕੇ ਉਸ ਦਾ ਡਾਕਟਰੀ ਮੁਆਇਨਾ ਕਰਵਾ ਲੈਂਦੀ ਤਾਂ ਟੈਸਟ ਵਿਚ ਉਸ ਦੇ ਸ਼ਰਾਬ ਪੀਣ ਦਾ ਵੀ ਪਤਾ ਲੱਗ ਜਾਣਾ ਸੀ। ਪ੍ਰਸ਼ਾਸਨ ਤੋਂ ਮੰਗ ਹੈ ਕਿ ਬੱਚੇ ਵੀ ਗਲੀਆਂ ਵਿਚ ਖੇਡਣ ਹਨ, ਜੇਕਰ ਕੋਈ ਬੱਚਾ ਉਸ ਸਮੇਂ ਘਰ ਤੋਂ ਬਾਹਰ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਪੁਲਿਸ ਨੂੰ ਸਕਾਰਪੀਓ ਚਾਲਕ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)