ਢਿੱਲਵਾਂ – (15.9.2025) ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪ੍ਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਜ਼ਮੀਨੀ ਪੱਧਰ ਤੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਸਹੂਲਤਾਂ ਦੇਣ ਲਈ ਵਚਨਬੱਧ ਹੈ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਪੱਖੋਂ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਤੌਰ ‘ਤੇ ਰੋਜ਼ਾਨਾ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਕਿਹਾ ਕਿ ਮੈਡੀਕਲ ਟੀਮਾਂ ਵੱਲੋਂ ਓ.ਆਰ.ਐਸ, ਕਲੋਰੀਨ ਦੀ ਗੋਲੀਆਂ, ਚਮੜੀ ਰੋਗ, ਡਾਈਰੀਆ, ਬੁਖਾਰ ਆਦਿ ਬਿਮਾਰੀਆਂ ਸਬੰਧੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਹੈਲਥ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਮੂਹ ਮ.ਪ.ਹ.ਵ ਵੱਲੋਂ ਵੀ ਪਿੰਡਾਂ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਡੇਂਗੂ, ਮਲੇਰੀਆ ਆਦਿ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕੇਵਲ ਸਾਫ ਪਾਣੀ ਪੀਣ ਜਾਂ ਪਾਣੀ ਉਬਾਲ ਕੇ ਪੀਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਸਿਹਤ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਦੀਂ ਹੈ ਤਾਂ ਲੋਕ ਜਾਂ ਪੀੜਤ ਮਰੀਜ਼ ਮੰਡ ਬੁਤਾਲਾ, ਮੰਡ ਤਲਵੰਡੀ ਕੂਕਾ ਅਤੇ ਮੁਢਲਾ ਸਿਹਤ ਕੇਂਦਰ ਢਿੱਲਵਾਂ ਆਦਿ ਵਿਖੇ ਬੈਠੀ ਮੈਡੀਕਲ ਟੀਮ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਏ.ਐਮ.ਓ ਡਾ. ਪ੍ਰਸ਼ਾਂਤ ਠਾਕੁਰ, ਆਰ. ਐਮ.ਓ ਡਾ. ਰਮਨਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਨਵਦੀਪ ਕੌਰ, ਬੀ.ਈ.ਈ ਮੋਨਿਕਾ, ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ, ਜਸਵਿੰਦਰ ਸਿੰਘ ਅਤੇ ਮ.ਪ.ਹ.ਵ ਹਾਜ਼ਰ ਸਨ।

ਐਸ.ਐਮ.ਓ ਡਾ. ਪ੍ਰੇਮ ਕੁਮਾਰ ਵੱਲੋਂ ਹੜ੍ਹ ਪ੍ਰਭਾਵਿਤ ਵਸਨੀਕ ਲਈ ਵਿਸ਼ੇਸ਼ ਹਦਾਇਤਾਂ
1. ਬੁਖਾਰ, ਦਸਤ ਜਾਂ ਚਮੜੀ ਰੋਗ ਆਦਿ ਕਿਸੇ ਤਰ੍ਹਾਂ ਦੀ ਵੀ ਸਿਹਤ ਪੱਖੋਂ ਸਮੱਸਿਆ ਆਉਣ ‘ਤੇ ਮੈਡੀਕਲ ਟੀਮ ਨਾਲ ਤੁਰੰਤ ਸੰਪਰਕ ਕਰੋ।
2. ਸਾਫ ਪਾਣੀ ਪਿਓ ਜਾਂ ਉਬਾਲ ਕੇ ਪਿਓ
3. ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣ ਉਪਰੰਤ ਵਰਤੋਂ
4. ਹੱਥਾਂ ਨੂੰ ਸਮੇਂ ਸਮੇਂ ਸਿਰ ਧੋਓ
5. ਮੱਛਰਾਂ ਤੋਂ ਬਚਾਓ ਲਈ ਮੱਛਰ ਰਹਿਤ ਕ੍ਰੀਮਾਂ ਜਾਂ ਮੱਛਰਦਾਨੀ ਦਾ ਇਸਤੇਮਾਲ ਕਰੋ।
6. ਐਮਰਜੇਂਸੀ ਸਥਿਤੀ ਵਿੱਚ 108 ਨੂੰ ਕੋਲ ਕਰੋ
7. ਹੜ੍ਹ ਸਬੰਧੀ ਹਲਾਤਾਂ ਤੋਂ ਬਚਾਅ ਲਈ ਪ੍ਰਸ਼ਾਸਨ ਦਾ ਸਹਿਯੋਗ ਦਿਓ