ਨਵੀਂ ਦਿੱਲੀ . ਦਿੱਲੀ ਅਦਾਲਤ ਨੇ ਜਿਸਮਫਰੋਸ਼ੀ ਦੇ ਮਾਮਲੇ ‘ਚ ਸੋਨੂੰ ਪੰਜਾਬਣ ਨੂੰ 24 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਕਿਹਾ ਕਿ ਅਜਿਹਾ ਡਰਾਵਣਾ ਕੰਮ ਕਰਨ ਵਾਲਿਆਂ ਨੂੰ ਸੱਭਿਅਕ ਸਮਾਜ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜਸਟਿਸ ਪ੍ਰੀਤਮ ਸਿੰਘ ਨੇ ਸੋਨੂੰ ਪੰਜਾਬਣ ਨੂੰ ਮਨੁੱਖੀ ਤਸਕਰੀ ਤਾਨੂੰਨ ਤਹਿਤ 14 ਸਾਲ ਤੇ ਵੱਖ-ਵੱਖ ਧਾਰਾਵਾਂ ‘ਚ 10 ਸਾਲ ਦੀ ਸਜ਼ਾ ਸੁਣਾਈ ਹੈ।
ਉਸ ਦੀਆਂ ਇਹ ਦੋਵੇਂ ਸਜ਼ਾਵਾਂ ਵੱਖ-ਵੱਖ ਚੱਲਣਗੀਆਂ। ਅਦਾਲਤ ਨੇ ਉਸ ਦੇ ਸਾਥੀ ਸੰਦੀਪ ਬੇਡਵਾਲ ਨੂੰ ਵੀ ਅਗਵਾ, ਬਲਾਤਕਾਰ ਤੇ ਨਾਬਾਲਗ ਬੱਚੀਆਂ ਨੂੰ ਵੇਸਵਾ ਬਣਾ ਕੇ ਵੇਚਣ ਦੇ ਜ਼ੁਰਮ ‘ਚ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਸੋਨੂੰ ਪੰਜਾਬਣ ਨੂੰ 64 ਹਜ਼ਾਰ ਤੇ ਸੰਦੀਪ ਬੇਡਵਾਲ ਨੂੰ 65 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਇਨ੍ਹਾਂ ਦੋਵਾਂ ਨੂੰ ਬੀਤੀ 16 ਜੁਲਾਈ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਪੁਲਿਸ ਨੇ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਕੋਰਟ ‘ਚ ਦਲੀਲ ਦਿੱਤੀ ਸੀ ਕਿ 2009 ‘ਚ ਜਦੋਂ ਪੀੜਤਾ ਮਹਿਜ਼ 12 ਸਾਲ ਦੀ ਸੀ ਤਾਂ ਉਸ ਨੂੰ ਸੰਦੀਪ ਨੇ ਪਿਆਰ ਦਾ ਝਾਂਸਾ ਦੇਕੇ ਵਿਆਹ ਕਰਾਉਣ ਦੀ ਗੱਲ ਆਖੀ ਸੀ। ਫਿਰ ਉਸ ਨਾਲ ਬਲਾਤਕਾਰ ਕੀਤਾ ਤੇ ਇਸ ਤੋਂ ਬਾਅਦ ਇਕ ਮਹਿਲਾ ਨੂੰ ਵੇਚ ਦਿੱਤਾ। ਜਿੱਥੇ ਉਸ ਨੂੰ ਵੇਸਵਾ ਦੇ ਧੰਦੇ ‘ਚ ਧੱਕ ਦਿੱਤਾ ਗਿਆ।
ਬੱਚੀ ਨੂੰ ਨਸ਼ੀਲੇ ਪਦਾਰਥ ਵੀ ਦਿੱਤੇ ਜਾਂਦੇ ਸਨ। ਸ਼ਿਕਾਇਤ ‘ਚ ਕਿਹਾ ਗਿਆ ਕਿ ਵੇਸਵਾ ਦੇ ਧੰਦੇ ਲਈ ਬੱਚੀ ਨੂੰ ਵਾਰ-ਵਾਰ ਕਈ ਥਾਵਾਂ ‘ਤੇ ਵੇਚਿਆ ਗਿਆ। ਸਾਲ 2014 ‘ਚ ਉਹ ਉਸ ਘਰ ‘ਚੋਂ ਭੱਜਣ ‘ਚ ਕਾਮਯਾਬ ਹੋਈ ਜਿੱਥੇ ਇਕ ਵਿਅਕਤੀ ਨੇ ਉਸ ਨੂੰ ਖਰੀਦ ਕੇ ਉਸ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਉਸ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਸੀ।