ਅੰਗ੍ਰੇਜ਼ੀ ਅਨੁਵਾਦ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋਣ ਵਾਲਾ ਪਹਿਲਾ ਨਾਵਲ ਬਣਿਆ ਸ਼ਾਂਤੀ ਪਰਵ, ਦੇਸਰਾਜ ਕਾਲੀ ਨੂੰ ਮਿਲਿਆ ਵੱਡਾ ਮਾਣ

0
1304

ਗੁਰਪ੍ਰੀਤ ਡੈਨੀ | ਜਲੰਧਰ

ਦਲਿਤ ਵਿਸ਼ੇ ‘ਤੇ ਲਿਖਣ ਵਾਲੇ ਲੇਖਕ ਦੇਸਰਾਜ ਕਾਲੀ ਨੇ ਪੰਜਾਬੀ ਸਾਹਿਤ ਨੂੰ ਕਾਫੀ ਲੰਮੇਂ ਸਮੇਂ ਬਾਅਦ ਨਵੀਂ ਬੁਲੰਦੀ ਤੱਕ ਪਹੁੰਚਾਇਆ ਹੈ। ਉਹਨਾਂ ਦਾ ਨਾਵਲ ‘ਸ਼ਾਂਤੀ ਪਰਵ’ ਅੰਗ੍ਰੇਜ਼ੀ ਅਨੁਵਾਦ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋਇਆ ਹੈ। ਪੰਜਾਬੀ ਲੇਖਣੀ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਨਾਵਲ ਦਾ ਅੰਤਰਰਾਸ਼ਟਰੀ ਪੱਧਰ ‘ਤੇ ਅੰਗ੍ਰੇਜ਼ੀ ਅਨੁਵਾਦ ਹੋਇਆ ਹੋਵੇ।

ਦੇਸਰਾਜ ਕਾਲੀ ਨੇ ਨਾਵਲ ਲਿਖਣ ਦੇ ਰਵਾਇਤੀ ਤਰੀਕੇ ਨੂੰ ਬਦਲਦਿਆਂ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਨਾਵਲ ਦੀ ਤਕਨੀਕ ਬਦਲ ਦਿੱਤੀ ਹੈ। ਇਹ ਨਾਵਲ ਹਾਇਪਰਲਿੰਕ ਤਕਨੀਕ ‘ਚ ਲਿਖਿਆ ਗਿਆ ਹੈ। ਇਸ ਨਾਵਲ ‘ਚ ਤੁਸੀਂ ਉਪਰਲਾ ਅੱਧ ਪੜ੍ਹਦੇ ਹੋ ਤਾਂ ਉਹਦੇ ‘ਚ ਤੁਹਾਨੂੰ ਹੇਠਲਾਂ ਅੱਧ ਪੜ੍ਹਨ ਦੀ ਹਦਾਇਤ ਮਿਲਦੀ ਹੈ। ਹੇਠਾਂ ਤਿੰਨ ਪਾਤਰਾਂ ਦੀ ਬੁੜਬੁੜ ਹੈ। ਉਹ ਬੁੜਬੁੜ ਇਤਿਹਾਸ, ਰਾਜਨੀਤੀ ਤੇ ਵਰਤਮਾਨ ਦੇ ਵਰਤਾਰਿਆਂ ਬਾਰੇ ਇਕ ਸਮਾਜਿਕ-ਰਾਜਨੀਤਿਕ ਡਿਬੇਟ ਵਾਂਗ ਤੁਹਾਡੇ ਸਾਹਮਣੇ ਖਿੜ ਜਾਂਦੀ ਹੈ।

‘ਸ਼ਾਂਤੀ ਪਰਵ’ ਨਾਵਲ ਓਰੀਐਂਟ ਬਲੈਕਸਵਾਨ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਨੀਤੀ ਸਿੰਘ ਦੁਆਰਾ ਇਹ ਨਾਵਲ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਕੇਂਦਰ ਵਿਚ ਸਥਾਪਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਕੌਮੀ ਪੱਧਰ ‘ਤੇ ਅਨੁਵਾਦ ਹੋ ਚੁੱਕਿਆ ਹੈ। ਸ਼ਾਂਤੀ ਪਰਵ ਨੂੰ ਇੰਟਰਨੈਸ਼ਨਲ ਪਬਲੀਸ਼ਰ ਓਰੀਐਂਟ ਬਲੈਕਸਵਾਨ ਨੇ ਛਾਪਿਆ ਹੈ। ਇਸ ਦੀ ਅਨੁਵਾਦਕ ਨੀਤੀ ਸਿੰਘ ਨੇ ਭੂਮਿਕਾ ‘ਚ ਲਿਖਿਆ ਹੈ- ਇਹ ਨਾਵਲ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਕੇਂਦਰ ਵਿਚ ਸਥਾਪਤ ਕੀਤਾ ਗਿਆ ਹੈ। ਸ਼ਾਂਤੀ ਪਰਵ ਇੱਕ ਪੰਜਾਬ ਦਲਿਤ ਦ੍ਰਿਸ਼ਟੀਕੋਣ ਤੋਂ ਭਾਰਤ ਵਿਚ ਪੋਸਟ ਬਸਤੀਵਾਦ ਸਮਾਜਿਕ-ਰਾਜਨੀਤਿਕ ਗਤੀਵਿਧੀਆਂ ਦੇ ਅਧਿਐਨ ਕਰਨ ਦਾ ਸੱਦਾ ਦਿੰਦਾ ਹੈ।

ਦੇਸ ਰਾਜ ਕਾਲੀ ਨੇ ਕਹਾਣੀ ਸੰਗ੍ਰਹਿ ‘ਚਾਨਣ ਦੀ ਲੀਕ ਤੋਂ ਆਪਣੇ ਸਾਹਿਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਕੱਥ ਕਾਲੀ, ਫ਼ਕੀਰੀ, ਯਹਾਂ ਚਾਏ ਅੱਛੀ ਨਹੀਂ ਬਨਤੀ, ਪਰਣੇਸ਼ਵਰੀ, ਅੰਤਹੀਣ, ਪ੍ਰਥਮ ਪੌਰਾਣ, ਸ਼ਹਿਰ ‘ਚ ਸਾਨ੍ਹ ਹੋਣ ਦਾ ਮਤਲਬ ਅਤੇ ਤਸੀਹੇ ਕਦੇ ਬੁੱਢੇ ਨਹੀਂ ਹੁੰਦੇ ਪ੍ਰਕਾਸ਼ਿਤ ਹੋਈਆਂ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।