ਮਾਛੀਵਾੜਾ। ਮਾਛੀਵਾੜਾ ਦੀ ਬਲੀਬੇਗ ਬਸਤੀ ਵਿਖੇ ਬੀਤੀ ਸ਼ਾਮ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਇੱਕ 4 ਸਾਲਾ ਮਾਸੂਮ ਬੱਚੇ ਅੰਸ਼ੂ ਕੁਮਾਰ ਨੂੰ ਗਟਰ ਵਿਚ ਸੁੱਟ ਕੇ ਮਾਰ ਦਿੱਤਾ। ਜਿਸ ਦੀ ਲਾਸ਼ ਪੁਲਸ ਵਲੋਂ ਬਰਾਮਦ ਕਰ ਲਈ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਲਾਲ ਬਲੀਬੇਗ ਬਸਤੀ ਨੇੜੇ ਹੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਬਸਤੀ ਦੇ ਬੱਚੇ ਰੋਜ਼ਾਨਾ ਉਸ ਦੇ ਖੇਤ ਵਿਚ ਖੇਡਣ ਅਤੇ ਪਤੰਗ ਲੁੱਟਣ ਲਈ ਚਲੇ ਜਾਂਦੇ ਸਨ। ਕਿਸਾਨ ਬਾਬੂ ਲਾਲ ਬੱਚਿਆਂ ਦੀ ਇਸ ਸ਼ਰਾਰਤ ਤੇ ਆਪਣੀ ਫਸਲ ਖਰਾਬ ਹੋਣ ਤੋਂ ਪ੍ਰੇਸ਼ਾਨ ਸੀ।

ਬੀਤੀ ਕੱਲ੍ਹ ਵੀ ਕਾਫ਼ੀ ਬੱਚੇ ਉਸਦੇ ਖੇਤਾਂ ਵਿਚ ਖੇਡਣ ਤੇ ਪਤੰਗ ਲੁੱਟਣ ਲਈ ਆ ਗਏ ਅਤੇ ਉਹ ਸੋਟੀ ਲੈ ਕੇ ਬੱਚਿਆਂ ਦੇ ਪਿੱਛੇ ਪੈ ਗਿਆ। ਮ੍ਰਿਤਕ ਬੱਚੇ ਅੰਸ਼ੂ ਕੁਮਾਰ ਦੇ ਪਿਤਾ ਰਾਜੂ ਸਾਹਨੀ ਨੇ ਦੱਸਿਆ ਕਿ ਬਾਬੂ ਲਾਲ ਨੇ ਉਸਦੇ ਬੱਚੇ ਨੂੰ ਫੜ ਲਿਆ ਅਤੇ ਗੁੱਸੇ ਵਿਚ ਆ ਕੇ ਨੇੜੇ ਹੀ ਗਟਰ ਵਿਚ ਸੁੱਟ ਦਿੱਤਾ। ਜਦੋਂ ਤੱਕ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਦੋਂ ਤੱਕ ਅੰਸ਼ੂ ਦਮ ਤੋੜ ਚੁੱਕਿਆ ਸੀ।

ਮ੍ਰਿਤਕ 4 ਸਾਲਾ ਅੰਸ਼ੂ ਕੁਮਾਰ ਦੀ ਮਾਤਾ ਗੀਤਾ ਦੇਵੀ ਅਤੇ ਦਾਦੀ ਨੇ ਅੱਖਾਂ ਵਿਚ ਹੰਝੂ ਭਰਦਿਆਂ ਦੱਸਿਆ ਕਿ ਉਸ ਨੂੰ ਪੁਲਸ ਇਨਸਾਫ਼ ਦੇਵੇ ਅਤੇ ਉਸਦੇ ਮਾਸੂਮ ਬੱਚੇ ਨੂੰ ਮਾਰਨ ਵਾਲੇ ਬਾਬੂ ਲਾਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਕਿਸਾਨ ਦੇ ਖੇਤਾਂ ਵਿਚ ਖੇਡਣ ਵਾਲੇ ਬੱਚਿਆਂ ਨੇ ਇਹ ਵੀ ਦੱਸਿਆ ਕਿ ਜਦੋਂ ਬਾਬੂ ਲਾਲ ਉਨ੍ਹਾਂ ਨੂੰ ਫੜਨ ਲਈ ਪਿੱਛੇ ਭੱਜਿਆ ਤਾਂ ਬਾਕੀ ਬੱਚੇ ਵੱਡੀ ਉਮਰ ਦੇ ਹੋਣ ਕਾਰਨ ਜਾਨ ਬਚਾ ਕੇ ਭੱਜ ਗਏ ਜਦਕਿ ਛੋਟਾ ਅੰਸ਼ੂ ਕੁਮਾਰ ਭੱਜ ਨਾ ਸਕਿਆ ਅਤੇ ਉਸਦੀ ਗ੍ਰਿਫ਼ਤ ਵਿਚ ਆ ਗਿਆ। ਪ੍ਰਵਾਸੀ ਕਿਸਾਨ ਬਾਬੂ ਲਾਲ ਨੇ ਬੇਰਹਿਮੀ ਨਾਲ ਇਸ ਬੱਚੇ ਨੂੰ ਗਟਰ ਵਿਚ ਸੁੱਟ ਦਿੱਤਾ ਜੋ ਉਸਦੀ ਮੌਤ ਦਾ ਕਾਰਨ ਬਣਿਆ।

ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਕੇ ਇੱਕ ਪ੍ਰਵਾਸੀ ਕਿਸਾਨ ਨੇ ਇੱਕ ਚਾਰ ਸਾਲਾ ਬੱਚੇ ਨੂੰ ਗਟਰ ਵਿਚ ਸੁੱਟ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਬੱਚੇ ਇਸ ਪ੍ਰਵਾਸੀ ਕਿਸਾਨ ਜਿਸਦਾ ਨਾਮ ਬਾਬੂ ਲਾਲ ਹੈ, ਉਸਦੇ ਖੇਤ ਵਿਚ ਖੇਡ ਰਹੇ ਸਨ। ਉਨ੍ਹਾਂ ਨੂੰ ਰੋਕਣ ਲਈ ਜਦੋਂ ਬਾਬੂ ਲਾਲ ਉਨ੍ਹਾਂ ਬੱਚਿਆਂ ਪਿੱਛੇ ਭੱਜਿਆ ਤਾਂ ਬਾਕੀ ਦੇ ਬੱਚੇ ਭੱਜ ਗਏ। ਇਹ ਛੋਟਾ ਬੱਚਾ ਉਸ ਦੇ ਹੱਥ ਲੱਗ ਗਿਆ, ਜਿਸ ਨੂੰ ਦੋਸ਼ੀ ਬਾਬੂ ਲਾਲ ਨੇ ਗਟਰ ਵਿਚ ਸੁੱਟ ਕੇ ਕਤਲ ਕਰ ਦਿੱਤਾ। ਕਥਿਤ ਦੋਸ਼ੀ ਬਾਬੂ ਲਾਲ ਨੂੰ ਗ੍ਰਿਫ਼ਤਾਰ ਕਰਕੇ 302 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।