ਅੰਮ੍ਰਿਤਸਰ, 25 ਦਸੰਬਰ | ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਨਾਲ ਦੁਰਵਿਵਹਾਰ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਸੁਣਾਈ ਹੈ। ਉਪਰੋਕਤ ਸਜ਼ਾ ਦੀ ਪੂਰਤੀ ਲਈ ਹਰਜਿੰਦਰ ਸਿੰਘ ਧਾਮੀ ਨੇ ਬੁੱਧਵਾਰ ਦੁਪਹਿਰ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਜੋੜਾਘਰ ‘ਚ ਜੁੱਤੀਆਂ ਸਾਫ਼ ਕੀਤੀਆਂ ਅਤੇ ਭਾਂਡੇ ਧੋਤੇ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਇਸ ਦੌਰਾਨ ਪੰਜ ਪਿਆਰਿਆਂ ਨੇ ਐਡਵੋਕੇਟ ਧਾਮੀ ਨੂੰ ਲੰਗਰ ਹਾਲ ਵਿਚ ਇੱਕ ਘੰਟਾ ਬਰਤਨ ਧੋਣ, ਇੱਕ ਘੰਟਾ ਜੋੜਾਘਰ ਵਿਚ ਸੇਵਾ ਕਰਨ ਅਤੇ ਪੰਜ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਕੜਾਹੀ ਬਣਾ ਕੇ ਅਰਦਾਸ ਕਰਨ ਦੇ ਹੁਕਮ ਦਿੱਤੇ ਹਨ।

ਐਡਵੋਕੇਟ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜੋੜਾਘਰ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੇਵਾ ਪੂਰੀ ਕਰ ਲਈ ਹੈ।

AddThis Website Tools