ਮੋਹਾਲੀ, 4 ਅਕਤੂਬਰ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੋਹਾਲੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਆਈ. ਟੀ. ਐਕਟ ਤਹਿਤ ਗ੍ਰਿਫ਼ਤਾਰ ਕੀਤੇ ਅਕਾਲੀ ਆਗੂ ਬੰਟੀ ਰੋਮਾਣਾ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ 26 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਗਾਇਕ ਕੰਵਰ ਗਰੇਵਾਲ ਦੇ ਸਾਲ 2014 ‘ਚ ਹੋਏ ਸ਼ੋਅ ਦੀ ਵੀਡੀਓ ਨੂੰ ਫੋਰਜ ਅਤੇ ਮਾਰਫਡ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਗਿਆ ਹੈ। ਇਸ ਰਾਹੀਂ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ ਗਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੋਹਾਣਾ ਵਾਸੀ ਸੰਦੀਪ ਸਿੰਘ ਨੇ ਕਿਹਾ ਸੀ ਕਿ ਪਰਮਬੰਸ ਸਿੰਘ ਰੋਮਾਣਾ ਨਾਂ ਦੇ ਟਵਿੱਟਰ ਹੈਂਡਲ ਤੋਂ 25 ਅਕਤੂਬਰ ਦੀ ਸ਼ਾਮ ਨੂੰ ਇਕ ਲਿੰਕ ਪੋਸਟ ਕੀਤਾ ਗਿਆ, ਜਿਸ ਨੂੰ ਉਸ ਨੇ ਲੈਪਟਾਪ ’ਚ ਦੇਖਿਆ ਸੀ। ਪੋਸਟ ਕੀਤੇ ਗਏ ਲਿੰਕ ‘ਚ ਗਾਇਕ ਕੰਵਰ ਗਰੇਵਾਲ ਦੇ ਸਾਲ 2014 ਦੇ ਯੂ. ਕੇ. ਵਿਚ ਕੀਤੇ ਗਏ ਸ਼ੋਅ ਦੀ ਵੀਡੀਓ ਨੂੰ ਫੋਰਜ ਅਤੇ ਮਾਰਫਡ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ਕਰਨ ਨਾਲ ਸਬੰਧਿਤ ਬੋਲ ਬੋਲੇ ਗਏ ਸਨ।

ਇਸ ਬਾਰੇ ਮਟੌਰ ਥਾਣਾ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਇਸ ਟਵਿੱਟਰ ਹੈਂਡਲ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਸਾਈਬਰ ਸੈੱਲ ਨੇ ਇਸ ਦੀ ਜਾਂਚ ਕਰਦਿਆਂ ਹੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਖ਼ਿਲਾਫ਼ ਆਈ. ਟੀ. ਐਕਟ ਤੇ ਹੋਰ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।