ਚੰਡੀਗੜ੍ਹ | ਤਿਉਹਾਰ ਦੇ ਮੌਸਮ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪੰਜਾਬ ਦੇ ਸਾਰੇ ਢਾਬਿਆਂ ਦੇ ਹੋਟਲਾਂ ਤੇ ਕੰਮ ਕਰਨ ਵਾਲੇ ਵਰਕਰਾਂ ਦੇ ਦਸੰਬਰ ਤੱਕ ਫਿੱਟਨੈੱਸ ਸਰਟੀਫਿਕੇਟ ਮੰਗੇ ਹਨ, ਜੇਕਰ ਕੋਈ ਵੀ ਦੁਕਾਨਦਾਰ ਜਾਂ ਫੂਡ ਬਿਜ਼ਨੈੱਸ ਕਰਨ ਵਾਲਾ ਮਿਲਾਵਟੀ ਮਠਿਆਈ ਦਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 6 ਸਾਲ ਦੀ ਸਜਾ ਤੇ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਦਸੰਬਰ ਤੱਕ ਫੂਡ ਸੇਫਟੀ ਵਿਭਾਗ ਕੋਲ ਖੁਦ ਆਪਣੀ ਦੁਕਾਨ ਨੂੰ ਰਜਿਸਟਰ ਕਰਵਾਉਣ ਪਵੇਗਾ। ਉਹਨਾਂ ਅੱਗੇ ਕਿਹਾ ਕਿ ਸਾਰੇ ਢਾਬੇ ਆਪਰੇਟਰਾਂ/ ਫੂਡ ਹੈਂਡਲਰਾਂ ਲਈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਪਾਸੋਂ ਹੈਲਥ ਫਿਟਨਸ ਸਰਟੀਫਿਕੇਟ ਵੀ ਜ਼ਰੂਰੀ ਹੋਣਾ ਚਾਹੀਦਾ ਹੈ।

ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਦੁਕਾਨਾਂ ਤੇ ਨਕਲੀ ਮਠਿਆਈ ਦੀ ਚੈਕਿੰਗ ਲਈ ਸਟੇਟ ਟਾਸਕ ਫੋਰਸ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਜਿਲ੍ਹੇ ਦੀਆਂ ਸਾਰੀਆਂ ਦੁਕਾਨਾਂ ਤੇ ਜਾ ਕੇ ਖਾਣ-ਪੀਣ ਦੀ ਹਰੇਕ ਵਸਤੂ ਨੂੰ ਚੈਕ ਕਰਨਗੀਆਂ।

ਮੰਤਰੀ ਸਿੱਧੂ ਨੇ ਕਿਹਾ ਕਿ ਦੁਕਾਨਦਾਰਾਂ ਦੀ ਮਠਿਆਈ ਦੇ ਸਾਰੇ ਸੈਂਪਲ ਖਰੜ ਦੀ ਫੂਡ ਲੈਬ ਵਿੱਚ ਭੇਜੇ ਜਾਣਗੇ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵੀ ਦੁਕਾਨਦਾਰ ਦੇ ਸੈਂਪਲ ਵਿਚ ਮਿਲਾਵਟੀ ਪਦਾਰਥ ਪਾਇਆ ਜਾਂਦਾ ਹੈ ਤਾਂ ਉਸ ਨੂੰ ਛੇ ਸਾਲ ਤੱਕ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।

ਐੱਫ.ਡੀ.ਏ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਵਿੱਚ ਭੋਜਨ ਪਦਾਰਥਾਂ ਦੀ ਮਿਲਾਵਟਖੋਰੀ ਵਿਰੁੱਧ ਛਾਪੇਮਾਰੀ ਜਾਰੀ ਤਿਉਹਾਰਾਂ ਤੋਂ ਬਾਅਦ ਵੀ ਜਾਰੀ ਰਹੇਗੀ।