ਫਾਜ਼ਿਲਕਾ | ਲਾਧੂਕਾ ਮੰਡੀ ਦੇ ਕੇਵਲ ਕ੍ਰਿਸ਼ਨ ਵਧਵਾ ਨੂੰ 5 ਮਾਰਚ ਨੂੰ ਟਰਾਂਸਫਾਰਮਰ ਸਮੇਤ ਚੋਰੀ ਦਾ ਸਾਮਾਨ ਖਰੀਦਣ ਦੇ ਇਲਜ਼ਾਮਾਂ ‘ਚ ਹਿਰਾਸਤ ‘ਚ ਲਿਆ ਸੀ। ਮੁੱਢਲੀ ਜਾਂਚ ਤੋਂ ਬਾਅਦ ਸਕਰੈਪ ਡੀਲਰ ਨੂੰ ਫਾਜ਼ਿਲਕਾ ਸਦਰ ਥਾਣੇ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ। ਵਧਵਾ ਪਰਿਵਾਰ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਜਿਥੇ ਵਿਭਾਗ ਦੇ ਨਿਯਮਾਂ ਅਨੁਸਾਰ ਮੁਲਜ਼ਮ ਐੱਸ.ਐੱਚ.ਓ ਨਵਦੀਪ ਭੱਟੀ ਨੂੰ ਮੁਅੱਤਲ ਕੀਤਾ ਜਾਣਾ ਸੀ ਉੱਥੇ ਹੀ ਉਸਦਾ ਕਿਸੇ ਦੂਜੇ ਜ਼ਿਲ੍ਹੇ ‘ਚ ਤਬਾਦਲਾ ਕਰ ਉਸਨੂੰ ਪੁਰਾਣੇ ਅਹੁਦੇ ‘ਤੇ ਕਾਇਮ ਰੱਖਿਆ, ਜੋ ਕਿ ਪੁਲਿਸ ਦੀ ਕਾਰਵਾਈ ‘ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

ਵਕੀਲ ਮੁਤਾਬਕ ਕਾਨੂੰਨੀ ਨਿਯਮਾਂ ਮੁਤਾਬਕ ਆਰੋਪੀ ਪੁਲਿਸ ਕਰਮੀ ਨੂੰ ਮੁਅੱਤਲ ਕਰਕੇ ਉਸ ਖ਼ਿਲਾਫ਼ ਅਪਰਾਧਿਕ ਕਾਰਵਾਈ ਵੀ ਆਰੰਭੀ ਹੋਣੀ ਚਾਹੀਦੀ ਸੀ। ਮ੍ਰਿਤਕ ਦੇ ਪੁੱਤਰ ਰਾਜਨ ਵਧਵਾ ਨੇ ਆਰੋਪ ਲਾਇਆ ਕਿ ਉਸ ਦੇ ਪਿਤਾ ਨੂੰ ਪੁਲਿਸ ਨੇ ਬਿਜਲੀ ਦੇ ਝਟਕੇ ਦੇ ਤਸ਼ੱਦਦ ਢਾਹੇ, ਜਿਸ ਨਾਲ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਵੀ ਇਲਜ਼ਾਮ ਲਾਇਆ ਕਿ ਵਧਵਾ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ।

ਇਸ ਸਬੰਧੀ ਸੂਬਾ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ‘ਚ ਹਲਫਨਾਮਾ ਦਾਇਰ ਕੀਤਾ ਹੈ। ਕੇਵਲ ਕ੍ਰਿਸ਼ਨ ਦੇ ਭਰਾ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਅਤੇ ਪਟੀਸ਼ਨ ਵਿਚ ਸੀ.ਆਈ.ਏ ਇੰਚਾਰਜ ਫਾਜ਼ਿਲਕਾ ਨਵਦੀਪ ਭੱਟੀ ਅਤੇ ਇਕ ਕਾਂਸਟੇਬਲ ਨੂੰ ਦੋਸ਼ੀ ਠਹਿਰਾਇਆ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 12 ਜਨਵਰੀ ਨੂੰ ਸੱਦੀ ਗਈ ਹੈ।