ਚੰਡੀਗੜ੍ਹ, 5 ਜਨਵਰੀ | ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲਿਆ ਹੈ ਤੇ ਅੱਠਵੀਂ ਕਲਾਸ ਤੱਕ ਦੇ ਸਕੂਲ 11 ਜਨਵਰੀ ਤਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਬੰਧੀ ਸਕੂਲਾਂ ਵਿਚ ਸਿਰਫ ਆਨਲਾਈਨ ਕਲਾਸਾਂ ਹੀ ਲੱਗਣਗੀਆਂ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਆਨਲਾਈਨ ਕਲਾਸਾਂ ਸਵੇਰ 9 ਵਜੇ ਤੋਂ ਬਾਅਦ ਹੀ ਲਾਉਣ ਤੇ ਇਸ ਅਨੁਸਾਰ ਹੀ ਸਕੂਲ ਦਾ ਸਟਾਫ ਸੱਦਣ।

ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਤਕ ਦੀਆਂ ਕਲਾਸਾਂ ਲਈ ਸਕੂਲ ਸਾਢੇ 9 ਵਜੇ ਤੋਂ ਬਾਅਦ ਹੀ ਖੋਲ੍ਹਣ ਲਈ ਕਿਹਾ ਗਿਆ ਹੈ ਤੇ ਇਨ੍ਹਾਂ ਜਮਾਤਾਂ ਲਈ ਛੁੱਟੀ ਸਾਢੇ ਤਿੰਨ ਵਜੇ ਤੋਂ ਪਹਿਲਾਂ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਵਲੋਂ ਅੱਜ ਜਾਰੀ ਕੀਤੇ ਗਏ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਠੰਡ ਲਗਾਤਾਰ ਵਧ ਰਹੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਧੁੰਦ ਵੀ ਜ਼ਿਆਦਾ ਪੈ ਰਹੀ ਹੈ, ਜਿਸ ਕਾਰਨ ਯੂਟੀ ਦੇ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਲਈ ਹੁਕਮ ਜਾਰੀ ਕੀਤੇ ਹਨ।

ਉਧਰ, ਮੌਸਮ ਵਿਗਿਆਨੀਆਂ ਨੇ 5 ਜਨਵਰੀ ਨੂੰ ਬਾਅਦ ਦੁਪਹਿਰ ਤੋਂ ਸ਼ਹਿਰ ਵਿਚ ਮੁੜ ਤੋਂ ਮੌਸਮ ਤਬਦੀਲ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 5 ਜਨਵਰੀ ਨੂੰ ਬਾਅਦ ਦੁਪਹਿਰ ਤੋਂ 6 ਜਨਵਰੀ ਦੁਪਹਿਰ ਤੱਕ ਰੁਕ-ਰੁਕ ਕੇ ਹਲਕਾ ਮੀਂਹ ਪੈ ਸਕਦਾ ਹੈ। ਸਿਟੀ ਬਿਊਟੀਫੁੱਲ ਵਿੱਚ ਸ਼ੁੱਕਰਵਾਰ ਰਾਤ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜੋ ਅੱਜ ਸਵੇਰੇ 10-11 ਵਜੇ ਤੱਕ ਜਾਰੀ ਰਹੀ। ਉਸ ਤੋਂ ਬਾਅਦ ਨਿਕਲੀ ਧੁੱਪ ਕਰਕੇ ਸ਼ਹਿਰ ਵਾਸੀਆਂ ਨੇ ਪੈ ਰਹੀ ਕੜਾਕੇ ਦੀ ਠੰਢ ਤੋਂ ਕੁੱਝ ਰਾਹਤ ਮਹਿਸੂਸ ਕੀਤੀ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸੂਬੇ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ’ਚ ਸਰਦੀਆਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਸਨ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐੱਕਸ ਉਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਠੰਢ ਕਾਰਨ ਸੂਬੇ ਦੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।