ਚੰਡੀਗੜ੍ਹ | ਫ਼ਰਾਰ ਅੰਮ੍ਰਿਤਪਾਲ ਦੀ ਕੱਲ੍ਹ ਸਾਹਮਣੇ ਆਈ ਵੀਡੀਓ, ਜਿਸ ਵਿਚ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਸਰਬੱਤ ਖ਼ਾਲਸਾ ਬੁਲਾਉਣ ਅਤੇ ਸਿੱਖ ਸੰਗਤ ਨੂੰ ਇਸ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ, ਨੂੰ ਲੈ ਕੇ ਸਿੱਖ ਬੁੱਧੀਜੀਵੀ ਸਹਿਮਤ ਨਹੀਂ ਹਨ।
ਸਿੱਖ ਬੁੱਧੀਜੀਵੀ ਅਨੁਰਾਗ ਸਿੰਘ ਨੇ ਕਿਹਾ ਕਿ ਸਰਬੱਤ ਖ਼ਾਲਸਾ ਕੋਈ ਮਜ਼ਾਕ ਨਹੀਂ ਹੈ ਕਿ ਇਕ ਰੂਪੋਸ਼ ਜਾਂ ਕਿਸੇ ਦੇ ਵੀ ਕਹਿਣ ’ਤੇ ਬੁਲਾਇਆ ਜਾ ਸਕੇ। ਅਜਿਹੇ ਲੋਕ ਸਿੱਖ ਭਾਈਚਾਰੇ ਵਿਚ ਭਰਮ ਪੈਦਾ ਕਰਨ ਦੇ ਚੱਕਰ ਵਿਚ ਹਨ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਨੂੰ ਬੁਲਾਉਣ ਦੇ ਨਿਯਮ ਹਨ ਅਤੇ ਉਹ ਕਿਸੇ ਦੇ ਵੀ ਕਹਿਣ ’ਤੇ ਨਹੀਂ ਬੁਲਾਇਆ ਜਾ ਸਕਦਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਇਕਬਾਲ ਸਿੰਘ ਢਿੱਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ’ਤੇ ਪੂਰੇ ਸਿੱਖ ਭਾਈਚਾਰੇ ਨੂੰ ਗਲਤ ਢੰਗ ਨਾਲ ਪੀੜਤ ਦੇ ਰੂਪ ਵਿਚ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਰਕਾਰਾਂ ਨੂੰ ਧਮਕਾ ਰਿਹਾ ਸੀ ਤਾਂ ਉਨ੍ਹਾਂ ਇਕ ਸ਼ਬਦ ਵੀ ਨਹੀਂ ਕਿਹਾ। ਅੰਮ੍ਰਿਤਪਾਲ ਮਾਮਲੇ ਵਿਚ ਗ੍ਰਿਫਤਾਰੀਆਂ ’ਤੇ ਚਰਚਾ ਲਈ ਸ੍ਰੀ ਅਕਾਲ ਤਖਤ ’ਤੇ ਬੁਲਾਏ ਗਏ ਸਭ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੀ ਸਨ। ਉਹ ਆਜ਼ਾਦ ਸਿੱਖ ਸਭਾ ਨਹੀਂ ਸੀ।
ਪੰਜਾਬ ਯੂਨੀਵਰਸਿਟੀ ਦੇ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਹਾਲਾਤ ਵਿਚ ਅੱਜ ਅਸੀਂ ਖੜ੍ਹੇ ਹਾਂ, ਉਹ ਬੇਹੱਦ ਖ਼ਤਰਨਾਕ ਹਨ ਤੇ ਖ਼ਾਸ ਤੌਰ ’ਤੇ ਬੁੱਧੀਜੀਵੀਆਂ ਦਾ ਇਸ ’ਤੇ ਖ਼ਾਮੋਸ਼ੀ ਸਾਧੇ ਰੱਖਣਾ, ਵਿਰੋਧ ਨਾ ਕਰਨਾ ਆਦਿ ਹੋਰ ਵੀ ਚਿੰਤਾ ਵਾਲੀ ਗੱਲ ਹੈ। ਸਰਕਾਰ ਦਾ ਵੀ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਦਾ ਵਿਰੋਧ ਨਾ ਕਰਨਾ ਹਾਲਾਤ ਨੂੰ ਵਿਗਾੜਨ ਵਿਚ ਮਦਦਗਾਰ ਰਿਹਾ ਹੈ। ਉਨ੍ਹਾਂ ਜਥੇਦਾਰ ਨੂੰ ਸਵਾਲ ਕੀਤਾ ਕਿ ਜਦੋਂ ਅੰਮ੍ਰਿਤਪਾਲ ਨੇ ਖੁਦ ਨੂੰ ਭਾਰਤ ਦਾ ਨਾਗਰਿਕ ਕਹਿਣ ਤੋਂ ਇਨਕਾਰ ਕਰ ਕੇ ਈਸਾਈਆਂ ਤੇ ਹੋਰਨਾਂ ਭਾਈਚਾਰਿਆਂ ਖ਼ਿਲਾਫ਼ ਮੋਰਚਾ ਸੰਭਾਲਿਆ ਤਾਂ ਜਥੇਦਾਰ ਨੇ ਉਸ ਨੂੰ ਸਲਾਹ ਕਿਉਂ ਨਹੀਂ ਦਿੱਤੀ? ਅੱਜ ਵੀ ਉਨ੍ਹਾਂ ਨੂੰ ਉਸ ਦੇ ਵੀਡੀਓ ’ਚ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕੌਣ ਹੁੰਦਾ ਹੈ, ਉਨ੍ਹਾਂ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਸਲਾਹ ਦੇਣ ਵਾਲਾ, ਬਲਕਿ ਇਥੇ ਤਾਂ ਉਲਟ ਹੋ ਰਿਹਾ ਹੈ।
ਇਥੇ ਅੰਮ੍ਰਿਤਪਾਲ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸ ਰਿਹਾ ਹੈ ਕਿ ਉਨ੍ਹਾਂ ਨੂੰ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ ਹੈ। ਪ੍ਰੋ. ਮਨਜੀਤ ਸਿੰਘ ਦਾ ਮੰਨਣਾ ਹੈ ਕਿ ਧਰਮ ਨੂੰ ਜਿੰਨਾ ਸਿਆਸਤ ’ਚ ਲਿਆਂਦਾ ਜਾਵੇਗਾ, ਉਸ ਤੋਂ ਇਸ ਤਰ੍ਹਾਂ ਦੇ ਹਾਲਾਤ ਬਣਨੇ ਸੁਭਾਵਿਕ ਹਨ। ਉਨ੍ਹਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਉਸ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜਨੀਤੀ ਨੂੰ ਧਰਮ ਤੋਂ ਬਾਹਰ ਰੱਖਿਆ ਜਾਵੇ, ਨਹੀਂ ਤਾਂ ਲੋਕ ਪਰੇਸ਼ਾਨ ਹੁੰਦੇ ਰਹਿਣਗੇ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਜਿਸ ਤਰ੍ਹਾਂ ਨਾਲ 350 ਤੋਂ ਵੱਧ ਲੋਕਾਂ ਨੂੰ ਫੜਿਆ ਹੈ, ਉਨ੍ਹਾਂ ਵਿਚੋਂ ਕੁਝ ’ਤੇ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ, ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾ ਮਾਰਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਲੈ ਕੇ ਵੀ ਸਿੱਖ ਬੁੱਧੀਜੀਵੀ ਸਹਿਮਤ ਨਹੀਂ ਸਨ।