ਤਰਨਤਾਰਨ, 08 ਸਤੰਬਰ | ਇਥੇ ਇਕ ਵੱਡੀ ਵਾਰਦਾਤ ਵਾਪਰੀ ਹੈ। ਪਿੰਡ ਸਾਂਗੇ ਦੇ ਨਾਇਰਾ ਪੈਟਰੋਲ ਪੰਪ ਤੋਂ 4 ਲੁਟੇਰਿਆਂ ਨੇ 1.60 ਲੱਖ ਰੁਪਏ ਲੁੱਟ ਲਏ। ਜਾਣ ਵੇਲੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ। ਪੰਪ ਮਾਲਕ ਨੇ ਵੀ ਬਚਾਅ ‘ਚ ਗੋਲੀਆਂ ਚਲਾਈਆਂ। ਗੋਲੀ ਲੱਗਣ ਨਾਲ ਇਕ ਲੁਟੇਰਾ ਜ਼ਖ਼ਮੀ ਹੋ ਗਿਆ ਤੇ ਬਾਕੀ ਭੱਜਣ ਵਿਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਪੰਪ ਮਾਲਕ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ।

ਪੈਟਰੋਲ ਪੰਪ ਦੇ ਮਾਲਕ ਦੀਪਕ ਨੇ ਦੱਸਿਆ ਕਿ ਵੀਰਵਾਰ ਰਾਤ 4 ਲੁਟੇਰੇ ਉਨ੍ਹਾਂ ਦੇ ਪੈਟਰੋਲ ਪੰਪ ‘ਤੇ ਆਏ ਅਤੇ ਦਫ਼ਤਰ ‘ਚ ਮੁਲਾਜ਼ਮਾਂ ਨੂੰ ਪਿਸਤੌਲ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਪਿੱਛਾ ਕਰਨ ਤੋਂ ਡਰਦੇ ਹੋਏ ਸਟਾਫ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਤੁਰੰਤ ਮਾਲਕ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇੱਕ ਗੋਲੀ ਲੁਟੇਰੇ ਨੂੰ ਲੱਗੀ। ਇਸ ਦੇ ਬਾਵਜੂਦ ਉਹ ਆਪਣੇ ਸਾਥੀਆਂ ਸਮੇਤ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।