ਸੁਲਤਾਨਪੁਰ ਲੋਧੀ, 27 ਅਗਸਤ – ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਪੰਜ ਪਿੰਡਾਂ ਨੂੰ 5 ਮੋਟਰ ਬੋਟਾਂ ਦੇਣ ਦਾ ਐਲਾਨ ਕੀਤਾ। ਉਹਨਾਂ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪਿੰਡ ਆਹਲੀ ਕਲਾਂ ਤੇ ਖੁਰਦ ਦੇ ਕੀਤੇ ਦੌਰੇ ਦੌਰਾਨ ਕਿਹਾ ਕਿ ਉਹ ਆਪਣੇ ਅਖਤਿਆਰੀ ਫੰਡ ਵਿੱਚੋਂ 5 ਮੋਟਰ ਬੋਟਾਂ ਪੰਚਾਇਤਾਂ ਨੂੰ ਲੈ ਕੇ ਦੇਣਗੇ ਜਿਹਨਾਂ ਦੀ ਕੀਮਤ ਅੰਦਾਜ਼ਨ 25 ਤੋਂ 30 ਲੱਖ ਹੋਵੇਗੀ। ਸੰਤ ਸੀਚੇਵਾਲ ਨੇ ਆਹਲੀ ਕਲਾਂ, ਆਹਲੀ ਖੁਰਦ, ਬਾਊਪੁਰ, ਸਾਂਗਰਾ ਤੇ ਲੱਖਵਰਿਆਂ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਉਹ ਉਹ ਜਲਦ ਤੋਂ ਜਲਦ ਪੰਚਾਇਤ ਦਾ ਮਤਾ ਪਾ ਕੇ ਦੇਣ ਤਾਂ ਜੋ ਮੋਟਰ ਬੋਟ ਦੇਣ ਦੀ ਪ੍ਰਕਿਿਰਆ ਸ਼ੁਰੂ ਕੀਤੀ ਜਾ ਸਕੇ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 3 ਕਿਸ਼ਤੀਆਂ ਰਾਹੀ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਹਨਾਂ ਬਾਊਪੁਰ ਕਦੀਮ, ਬਾਊਪੁਰ ਜ਼ਦੀਦ, ਸਾਂਗਰਾ ਤੇ ਲੱਖਵਰ੍ਹਿਆਂ ਪਿੰਡਾਂ ਵਿੱਚ ਜਾ ਕੇ ਪੀੜਤ ਲੋਕਾਂ ਨੂੰ ਰਾਸ਼ਨ, ਤਰਪਾਲਾਂ ਤੇ ਬਰਸਾਤੀਆਂ ਵੰਡੀਆਂ। ਦੋਹਾਂ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਲਗਾਤਾਰ ਵਧਦੇ ਪਾਣੀ ਨੂੰ ਦੇਖਦਿਆ ਹੋਇਆ ਆਪਣੇ ਘਰਾਂ ਤੋਂ ਕਿਸੇ ਸੁਰੱਖਿਅਤ ਥਾਵਾਂ ਤੇ ਆ ਜਾਣ।

ਇਸਤੋਂ ਪਹਿਲਾਂ ਕੈਬਿਨਟ ਮੰਤਰੀ ਮੁੰਡੀਆਂ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਆਹਲੀਆਂ ਕਲਾਂ ਤੇ ਆਹਲੀ ਖੁਰਦ ਦੇ ਪਿੰਡਾ ਦਾ ਵੀ ਦੌਰਾ ਕੀਤਾ। ਇਹਨਾਂ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆ ਕਿਹਾ ਕਿ ਜਦੋਂ ਐਡਵਾਂਸ ਟੁੱਟ ਜਾਂਦਾ ਹੈ ਤਾਂ ਧੁੱਸੀ ਬੰਨ੍ਹ ਦੇ ਦੂਜੇ ਪਾਸੇ ਸੇਮ ਪੈ ਜਾਂਦੀ ਹੈ। ਹੜ੍ਹ ਆਉਣ ਦੀ ਸੂਰਤ ਵਿੱਚ ਬਿਜਲੀ ਦੀ ਸਪਲਾਈ ਠੱਪ ਹੋ ਜਾਂਦੀ ਹੈ। ਪਿੰਡਾਂ ਦੇ ਲੋਕਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਤੋਂ ਮੰਗ ਕੀਤੀ ਕਿ ਬਿਜਲੀ ਦਾ ਇੱਕ ਟਰਾਂਸਫਾਰਮਰ ਧੁੱਸੀ ਬੰਨ੍ਹ ਦੇ ਦੂਜੇ ਪਾਸੇ ਲਾਇਆ ਜਾਵੇ ਤਾਂ ਕਿ ਹੜ੍ਹ ਆਉਣ ਦੀ ਸੂਰਤ ਵਿੱਚ ਬਿਜਲੀ ਦੀ ਸਪਲਾਈ ਚਲਦੀ ਰਹੀ ਹੈ।

ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਪੁਲਿਸ ਦੇ ਸੀਨੀਅਰ ਸੁਪਰਡੈਂਟ ਗੌਰਵ ਤੂਰਾ, ਏ.ਡੀ.ਸੀ ਨਵਨੀਤ ਕੌਰ ਅਤੇ ਐਸ.ਡੀ.ਐਮ ਅਲਕਾ ਕਾਲੀਆ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਨਾਲ ਮੌਜੂਦ ਰਹੇ।