ਜਲੰਧਰ | ਟਾਂਡਾ ਰੇਲਵੇ ਕਰਾਸਿੰਗ ‘ਤੇ ਲੱਗਦੇ ਟ੍ਰੈਫਿਕ ਜਾਮਾਂ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਜਿਲਾ ਪ੍ਰਸ਼ਾਸਨ ਨੇ ਰੇਲਵੇ ਅੱਗੇ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਬਣਾਉਣ ਦਾ ਮਤਾ ਰੱਖਿਆ ਹੈ। 

ਟਾਂਡਾ ਫਾਟਕ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਹੈ ਜਿਸ ਕਾਰਨ ਬਹੁਤੀ ਦੇਰ ਇਹ ਫਾਟਕ ਬੰਦ ਰਹਿੰਦਾ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਲੋਕ ਨਿਰਮਾਣ ਵਿਭਾਗ, ਰੇਲਵੇ ਜਲੰਧਰ, ਨਗਰ ਨਿਗਮ, ਮਾਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਾਈਟ ਦਾ ਦੌਰਾ ਕੀਤਾ ਅਤੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਜਲੰਧਰ ਨੇ ਇਥੇ ਆਰ.ਯੂ.ਬੀ. ਦੀ ਉਸਾਰੀ ਬਾਰੇ ਆਪਣੀਆਂ ਸੰਭਾਵਤ ਰਿਪੋਰਟਾਂ ਦਿੱਤੀਆਂ ਹਨ।

ਰਿਪੋਰਟਾਂ ਮੁਤਾਬਿਕ 350 ਮੀਟਰ ਲੰਬਾ ਅਤੇ 5.0 ਮੀਟਰ ਚੌੜਾ ਆਰ.ਯੂ.ਬੀ. ਬਣਾਇਆ ਜਾ ਸਕਦਾ ਹੈ। ਇਸ ਲਈ ਲੋੜੀਂਦੀ ਜ਼ਮੀਨ ਅਤੇ ਹੋਰ ਬੁਨਿਆਦੀ ਢਾਂਚਾ ਉਪਲਬਧ ਹੈ। ਆਰ.ਯੂ.ਬੀ. ਤੋਂ ਇਲਾਵਾ ਕਰਾਸਿੰਗ ਦੇ ਦੋਵਾਂ ਪਾਸੇ ਸਰਵਿਸ ਲੇਨ ਵੀ ਬਨਾਉਣ ਦਾ ਪਲਾਨ ਹੈ।

ਪੀ.ਡਬਲਯੂ.ਡੀ. ਦੀ ਸਰਵੇਖਣ ਰਿਪੋਰਟ ਤੋਂ ਬਾਅਦ ਜਲੰਧਰ ਰੇਲਵੇ ਦੇ ਅਧਿਕਾਰੀਆਂ ਦੀ ਟੀਮ ਨੇ ਵੀ ਇੱਥੇ ਸੰਭਾਵਨਾ ਦੀ ਜਾਂਚ ਕਰਨ ਉਪਰੰਤ ਹਰੀ ਝੰਡੀ ਦੇ ਦਿੱਤੀ ਹੈ।

ਟਾਂਡਾ ਰੇਲਵੇ ਕਰਾਸਿੰਗ ਰੇਲ ਗੱਡੀਆਂ ਦੇ ਆਉਣ-ਜਾਣ ਕਾਰਨ ਜ਼ਿਆਦਾ ਸਮਾਂ ਬੰਦ ਰਹਿੰਦੀ ਹੈ। ਇਸ ਕਾਰਨ ਇਥੇ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ। ਕਈ ਵਾਰ ਇਹ ਕਰਾਸਿੰਗ ਅੱਧੇ ਘੰਟੇ ਲਈ ਵੀ ਬੰਦ ਰਹਿੰਦੀ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਥੋਰੀ ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕ ਵੀ ਪਿਛਲੇ ਕੁਝ ਸਾਲਾਂ ਤੋਂ ਇਸ ਰੇਲਵੇ ਕਰਾਸਿੰਗ ‘ਤੇ ਆਰ.ਯੂ.ਬੀ. ਬਣਾਉਣ ਦੀ ਮੰਗ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਲਈ ਵੀ ਸਿਰਦਰਦੀ ਬਣ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰ.ਯੂ.ਬੀ. ਲਈ ਸਿਧਾਂਤਕ ਪ੍ਰਵਾਨਗੀ ਲਈ ਮੁਕੰਮਲ ਜਨਰਲ ਅਰੇਂਜਮੈਂਟ ਡਰਾਇੰਗ ਵੀ ਡੀ.ਆਰ.ਐਮ ਫਿਰੋਜ਼ਪੁਰ ਉੱਤਰੀ ਰੇਲਵੇ ਨੂੰ ਪੇਸ਼ ਕੀਤੀ ਗਈ ਹੈ, ਜਿਸ ਨਾਲ ਲੱਖਾਂ ਯਾਤਰੀਆਂ, ਵਪਾਰੀਆਂ ਅਤੇ ਵਸਨੀਕਾਂ ਨੂੰ ਸੁਵਿਧਾ ਹੋਵੇਗੀ।

ਘਨਸ਼ਿਆਮ ਥੋਰੀ ਨੇ ਲੱਧੇਵਾਲੀ ਰੇਲਵੇ ਕਰਾਸਿੰਗ ਵਿਖੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਤਬਦੀਲ ਕਰਨ ਦੇ ਕੰਮ ਦੀ ਵੀ ਨਿਗਰਾਨੀ ਕੀਤੀ। ਜ਼ਿਕਰਯੋਗ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ 29 ਦਸੰਬਰ ਨੂੰ 23.50 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦਾ ਨੀਂਹ ਪੱਥਰ ਰੱਖਿਆ ਸੀ।