ਜਲੰਧਰ | ਚੋਣਾ ਨਜ਼ਦੀਕ ਆਉਂਦਿਆਂ ਹੀ ਸਰਕਾਰ ਨੇ ਸ਼ਹਿਰ ਦੇ ਪ੍ਰੋਜੈਕਟਾਂ ਨੂੰ ਵੀ ਪਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਕੰਪਲੀਟ ਹੁੰਦੇ-ਹੁੰਦੇ ਅਗਲੀ ਸਰਕਾਰ ਦੇ ਕੰਪਲੀਟ ਹੋਣ ਦਾ ਸਮਾਂ ਵੀ ਜ਼ਰੂਰ ਆ ਜਾਵੇਗਾ।

ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਨੇ 5323.09 ਲੱਖ ਨਾਲ ਟਾਂਡਾ ਰੋਡ ਰੇਲਵੇ ਕਰਾਸਿੰਗ ‘ਤੇ ਰੇਲਵੇ ਅੰਡਰ ਬ੍ਰਿਜ (ਆਰਯੂਬੀ) ਅਤੇ ਦੋ ਹੋਰ ਸੜਕੀ ਪ੍ਰਾਜੈਕਟਾਂ ਲਈ ਮਨਜ਼ੂਰੀ ਦੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਪੀ.ਆਈ.ਡੀ.ਬੀ. ਦੇ ਚੇਅਰਮੈਨ ਵੀ ਹਨ, ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਇਸ ਨਾਲ ਸ਼ਹਿਰਵਾਸੀਆਂ ਨੂੰ ਅੰਮ੍ਰਿਤਸਰ-ਦਿੱਲੀ ਰੇਲਵੇ ਮਾਰਗ ‘ਤੇ ਪੈਂਦੀ ਇਸ ਰੇਲਵੇ ਕਰਾਸਿੰਗ ‘ਤੇ ਲੱਗਦੇ ਟ੍ਰੈਫਿਕ ਜਾਮਾਂ ਤੋਂ ਵੱਡੀ ਰਾਹਤ ਮਿਲੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਸਾਈਟ ‘ਤੇ 350 ਮੀਟਰ ਲੰਬਾ ਅਤੇ 5.0 ਮੀਟਰ ਚੌੜਾ ਆਰ.ਯੂ.ਬੀ. ਬਣਾਇਆ ਜਾਣਾ ਹੈ, ਜਿਸ ਲਈ ਲੋੜੀਂਦੀ ਜ਼ਮੀਨ ਅਤੇ ਹੋਰ ਬੁਨਿਆਦੀ ਢਾਂਚਾ ਵੀ ਉਪਲਬਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਰ.ਯੂ.ਬੀ. ਤੋਂ ਇਲਾਵਾ ਕਰਾਸਿੰਗ ਦੇ ਦੋਵੇਂ ਪਾਸਿਆਂ ਦੀਆਂ ਸਰਵਿਸ ਲੇਨਾਂ ਵੀ ਤਜਵੀਜ਼ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਰੇਲ ਵਾਹਨ ਇਕਾਈ ਵੱਲੋਂ ਇੱਥੇ 5 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਜਾ ਚੁੱਕਾ ਹੈ।

ਥੋਰੀ ਨੇ ਦੱਸਿਆ ਕਿ ਰੇਲ ਗੱਡੀਆਂ ਦੀ ਭਾਰੀ ਆਵਾਜਾਈ ਕਾਰਨ ਇਹ ਰੇਲਵੇ ਕਰਾਸਿੰਗ ਜ਼ਿਆਦਾਤਰ ਸਮੇਂ ਬੰਦ ਰਹਿੰਦੀ ਹੈ, ਜਿਸ ਕਾਰਨ ਇਥੇ ਟ੍ਰੈਫਿਕ ਜਾਮ ਰਹਿਣ ਕਾਰਨ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਕਈ ਵਾਰ ਇਹ ਕਰਾਸਿੰਗ ਅੱਧੇ ਘੰਟੇ ਲਈ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਰ.ਯੂ.ਬੀ. ਦੇ ਬਣਨ ਨਾਲ ਜਿਥੇ ਨਿਰਵਿਘਨ ਅਤੇ ਸੁਚਾਰੂ ਆਵਾਜਾਈ ਯਕੀਨੀ ਬਣੇਗੀ ਉਥੇ ਵੱਡੀ ਗਿਣਤੀ ਯਾਤਰੀਆਂ, ਵਪਾਰੀਆਂ ਅਤੇ ਵਸਨੀਕਾਂ ਨੂੰ ਵੀ ਰਾਹਤ ਮਿਲੇਗੀ।

ਪੀ.ਆਈ.ਡੀ.ਬੀ. ਦੀ ਪ੍ਰਵਾਨਗੀ ਵਿੱਚ ਦੋ ਹੋਰ ਸੜਕੀ ਪ੍ਰਾਜੈਕਟ ਲੰਮਾ ਪਿੰਡ-ਜੰਡੂ ਸਿੰਘਾ ਸੜਕ ਨੂੰ ਫੋਰ ਲੇਨ ਕਰਨਾ ਅਤੇ ਫਿਲੌਰ-ਅੱਪਰਾ ਤੇ ਫਗਵਾੜਾ-ਦੁਸਾਂਝ ਮੁਕੰਦਪੁਰ ਰੋਡ ਦੀ ਮੁਰੰਮਤ ਸ਼ਾਮਲ ਹੈ, ਜਿਸ ਨਾਲ ਇਸ ਸੜਕ ‘ਤੇ ਵੱਡੇ ਪੱਧਰ ‘ਤੇ ਆਵਾਜਾਈ ਸੁਵਿਧਾਜਨਕ ਬਣੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।