ਚੰਡੀਗੜ੍ਹ : ਸੂਬੇ ‘ਚ ਅਜੇ ਵੀ ਰੇਲ ਸੇਵਾ ਬਹਾਲ ਨਹੀਂ ਹੋ ਸਕੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਬੋਰਡ ਦੇ ਚੇਅਰਮੈਨ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ 31 ਥਾਵਾਂ ‘ਤੇ ਧਰਨਾ ਲਗਾਇਆ ਗਿਆ ਸੀ ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ਼ 9 ਥਾਵਾਂ ਨੂੰ ਹੀ ਕਲੀਅਰ ਕਰਵਾਇਆ ਗਿਆ ਹੈ,ਬਾਕੀ 22 ਰੇਲਵੇ ਟਰੈਕ ‘ਤੇ ਹੁਣ ਵੀ ਕਿਸਾਨ ਬੈਠੇ ਹੋਏ ਹਨ, ਜਿਨ੍ਹਾਂ ਥਾਵਾਂ ‘ਤੇ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰਵਾ ਕਰ ਦਿੱਤਾ ਹੈ ਉਨ੍ਹਾਂ ‘ਤੇ ਰੇਲਵੇ ਬੋਰਡ ਵੱਲੋਂ ਸੁਰੱਖਿਆ ਚੈਕਿੰਗ ਕੀਤੀ ਜਾ ਰਹੀ ਹੈ। ਰੇਲਵੇ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣਵੇਂ ਰੂਟਾਂ ‘ਤੇ ਟ੍ਰੇਨਾਂ ਨਹੀਂ ਚਲਾਇਆ ਜਾ ਸਕਦੀਆਂ ਹਨ।  ਚੇਅਰਮੈਨ ਨੇ ਕਿਹਾ ਜਦੋਂ ਤੱਕ ਟ੍ਰੇਨ ਟਰੈਕ ਪੂਰੀ ਤਰ੍ਹਾਂ ਨਾਲ ਖਾਲੀ ਨਹੀਂ ਹੋਣਗੇ ਟ੍ਰੇਨਾਂ ਚਲਾਉਣਾ ਮੁਸ਼ਕਲ ਹੈ।

ਸ਼ੁੱਕਰਵਾਰ ਸ਼ਾਮ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਮਾਲਗੱਡੀਆਂ ਨੂੰ ਚਲਾਉਣ ਦੇ ਹੁਕਮ ਕਿਸੇ ਵੀ ਸਮੇਂ ਆ ਸਕਦੇ ਹਨ। ਇਹ ਸੰਕੇਤ ਉਸ ਸਮੇਂ ਮਿਲੇ ਸਨ ਜਦੋਂ ਸ਼ੁੱਕਰਵਾਰ ਦੀ ਸਵੇਰ ਪੰਜਾਬ ਪੁਲਿਸ ਤੇ ਰੇਲਵੇ ਪੁਲਿਸ ਨੇ ਮਿਲ ਕੇ ਸਾਰੇ ਰੇਲਵੇ ਟਰੈਕ ਜਿਥੇ ਕਿਸਾਨ ਧਰਨਿਆਂ ‘ਤੇ ਬੈਠੇ ਹੋਏ ਸਨ, ਦਾ ਨਿਰੀਖਣ ਸ਼ੁਰੂ ਕੀਤਾ ਸੀ। ਇਸ ‘ਤੇ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਰੇਲਵੇ ਪੰਜਾਬ ਵਿੱਚ ਸੇਵਾਵਾਂ ਸ਼ੁਰੂ ਕਰਨ ਲਈ ਤਿਆਰ ਹੈ,ਸੂਬਾ ਸਰਕਾਰ ਨੂੰ ਅਪੀਲ ਹੈ ਕਿ ਰੇਲ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸਾਰੇ ਟਰੈਕ ਅਤੇ ਸਟੇਸ਼ਨ ਖਾਲੀ ਕਰਵਾਉਣ,ਸੂਬਾ ਸਰਕਾਰ ਜੇਕਰ ਸਹਿਯੋਗ ਕਰੇ ਤਾਂ ਅਸੀਂ ਟ੍ਰੇਨਾਂ ਸ਼ੁਰੂ ਕਰ ਸਕਾਂਗੇ,ਜਿਸ ਨਾਲ ਯਾਤਰੀਆਂ ਅਤੇ ਫ਼ੌਜ ਨੂੰ ਜ਼ਰੂਰੀ ਸਾਮਾਨ ਪਹੁੰਚਾਇਆ ਜਾ ਸਕੇ।

ਰੇਲ ਮੰਤਰੀ ਪੀਯੂਸ਼ ਗੋਇਲ ਦੀ ਵੀਰਵਾਰ ਨੂੰ ਬੀਜੇਪੀ ਤੇ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਵੀ ਹੋਈ ਸੀ। ਪਰ ਜੰਡਿਆਲਾ ਵਿੱਚ ਕਿਸਾਨ ਹੁਣ ਵੀ ਟ੍ਰੇਨਾਂ ਦੀ ਪਟਰੀਆਂ ‘ਤੇ ਡਟੇ ਹੋਏੇ ਹਨ ਜਿਸ ‘ਤੇ ਰੇਲ ਮੰਤਰੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਕਿਸਾਨਾਂ ਵੱਲੋਂ ਸਾਰੇ ਟਰੈਕ ਖਾਲੀ ਕਰ ਦਿੱਤੇ ਜਾਣ ਤਾਂ ਜੋ ਨਿਰਵਿਘਨ ਟ੍ਰੇਨਾਂ ਨੂੰ ਚਲਾਇਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਆਪਣੇ ਧਰਨੇ ਰੇਲਵੇ ਸਟੇਸ਼ਨਾਂ ਦੇ ਬਾਹਰ ਪਾਰਕਾਂ ‘ਚ ਸ਼ਿਫਟ ਕਰਕੇ ਰੇਲਵੇ ਟਰੈਕ ਤੇ ਸਟੇਸ਼ਨ ਖਾਲੀ ਕਰ ਦਿੱਤੇ ਹਨ ਪਰ ਕਿਸਾਨਾਂ ਵੱਲੋਂ ਸਿਰਫ ਮਾਲਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਨਾ ਕਿ ਯਾਤਰੀ ਗੱਡੀਆਂ ਨੂੰ।