ਜਲੰਧਰ| ਮਸ਼ਹੂਰ ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਪੰਜਾਬੀ ਗਾਇਕ ਸਿੰਗਾ ਖਿਲਾਫ ਅੰਮ੍ਰਿਤਸਰ ਦੇ ਅਜਨਾਲਾ ‘ਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਵਾਦ ਦਾ ਕਾਰਨ ਹਾਲ ਹੀ ‘ਚ ਲਾਂਚ ਹੋਇਆ ਪੰਜਾਬੀ ਗੀਤ ‘ਸਟਿਲ ਅਲਾਈਵ’ ਹੈ। ਇਹ ਕਾਰਵਾਈ ਸਮੂਹ ਈਸਾਈ ਭਾਈਚਾਰਾ ਅਜਨਾਲਾ ਦੇ ਮੁਖੀ ਅਵਿਨਾਸ਼ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ।

ਅਵਿਨਾਸ਼ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ- ਗੀਤ (ਸਟਿਲ ਅਲਾਈਵ) ਪੰਜਾਬੀ ਗਾਇਕ ਸਿੰਗਾ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬੀ ਕਲਾਕਾਰ ਸਿੰਗਾ ਨੇ ਹੱਥ ਵਿੱਚ ਬਾਈਬਲ ਫੜੀ ਹੋਈ ਹੈ ਅਤੇ ਗਲ਼ੇ ਵਿੱਚ ਕਰਾਸ ਪਾਇਆ ਹੋਇਆ ਹੈ। ਸਾਡੇ ਈਸਾਈ ਧਰਮ ਵਿੱਚ ਭੈਣ ਅਤੇ ਪਿਤਾ ਨੂੰ ਪਵਿੱਤਰ ਦਰਜਾ ਦਿੱਤਾ ਗਿਆ ਹੈ। ਗੀਤ ਵਿੱਚ ਪਿਤਾ ਅਤੇ ਭੈਣ ਦਾ ਵੀ ਅਪਮਾਨ ਕੀਤਾ ਗਿਆ ਹੈ। ਜਿਸ ਨਾਲ ਈਸਾਈ ਧਰਮ ਦਾ ਅਪਮਾਨ ਹੋਇਆ ਹੈ। ਜਿਸ ਕਾਰਨ ਸਮੁੱਚੇ ਈਸਾਈ ਭਾਈਚਾਰੇ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਈਸਾਈ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

295 ਤਹਿਤ ਮਾਮਲਾ ਦਰਜ
ਪ੍ਰਧਾਨ ਅਵਿਨਾਸ਼ ਦੀ ਸ਼ਿਕਾਇਤ ’ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਪੰਜਾਬੀ ਗਾਇਕ ਸਿੰਗਾ ਖ਼ਿਲਾਫ਼ ਆਈਪੀਸੀ-295 (ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਇਹ ਦੂਜਾ ਮਾਮਲਾ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਪੂਰਥਲਾ ‘ਚ ਦੋ ਦਿਨ ਪਹਿਲਾਂ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕਪੂਰਥਲਾ ‘ਚ ਇਹ ਮਾਮਲਾ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਦੇ ਮੁਖੀ ਅਮਨਦੀਪ ਸਹੋਤਾ ਦੀ ਸ਼ਿਕਾਇਤ ‘ਤੇ ਕੀਤਾ ਗਿਆ ਹੈ।