ਪੰਜਾਬੀ ਕਵਿਤਾ ਨੇ ਸਦੀਆਂ ਤੋਂ ਸਥਾਪਤ ਸੱਤਾ ਦਾ ਵਿਰੋਧ ਕਰਕੇ ਸਬਰ ਨਾਲ ਜਬਰ ਦਾ ਵਿਰੋਧ ਕੀਤਾ ਹੈ : ਗੁਰਭਜਨ ਗਿੱਲ

0
613

ਲੁਧਿਆਣਾ. ਯਾਦਵਪੁਰ ਯੂਨੀਵਰਸਿਟੀ ਕੋਲਕਾਤਾ (ਪੱਛਮੀ ਬੰਗਾਲ)  ਤੋਂ ਭਾਰਤੀ ਕਵਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੰਗਾਲੀ ਕਵਿੱਤਰੀ ਡਾ. ਸੁਤਾਪਾ ਸੇਨਗੁਪਤਾ ਨੇ ਪੰਜਾਬੀ ਕਵੀਆਂ ਨਾਲ ਮੁਲਾਕਾਤ ਕੀਤੀ। ਭਾਰਤ ਸਰਕਾਰ ਦੇ ਮਾਨਵ ਵਿਕਾਸ ਮੰਤਰਾਲੇ ਵੱਲੋਂ ਪ੍ਰਾਯੋਜਿਤ ਇਸ ਪ੍ਰਾਜੈਕਟ ਅਧੀਨ ਡਾ. ਸੁਤਾਪਾ ਸੇਨਗੁਪਤਾ ਵਲੋਂ ਚੰਡੀਗੜ੍ਹ, ਨਵੀਂ ਦਿੱਲੀ, ਲਖਨਊ, ਵਾਰਾਨਸੀ, ਹੈਦਰਾਬਾਦ ਤੇ ਦੇਸ਼ ਦੇ ਬਾਕੀ ਹਿੱਸਿਆਂ ਚੌਂ ਵੀ ਭਾਰਤੀ ਕਵਿਤਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। 

ਲੁਧਿਆਣਾ ‘ਚ ਉਹਨਾਂ ਨੇ ਸੁਰਜੀਤ ਪਾਤਰ, ਸਤੀਸ਼ ਗੁਲ੍ਹਾਟੀ, ਸਵਰਨਜੀਤ ਸਵੀ ਤੇ ਹੋਰ ਮਹੱਤਵਪੂਰਨ ਕਵੀਆਂ ਨਾਲ ਅਲੱਗ-ਅਲੱਗ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਪ੍ਰੋਫੇਸਰ ਰਵਿੰਦਰ ਭੱਠਲ, ਗੁਰਭਜਨ ਗਿੱਲ, ਤ੍ਰੈਲੋਚਨ ਲੋਚੀ, ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ ਨਾਲ ਸ਼ਹੀਦ ਭਗਤ ਸਿੰਘ ਨਗਰ ਵਿਖੇ ਮੁਲਾਕਾਤ ਕੀਤੀ। 

ਸਾਰੇ ਪੰਜਾਬੀ ਕਵੀ ਇਸ ਗੱਲ ਤੇ ਇੱਕ ਮੱਤ ਸਨ ਕਿ ਪੰਜਾਬੀ ਕਵਿਤਾ ਨੇ ਸਦੀਆਂ ਤੋਂ ਹਮੇਸ਼ਾਂ ਨਾਬਰਾਂ ਦਾ ਪੱਖ ਪੂਰਿਆ ਹੈ ਇਤੇ ਜਾਬਰਾਂ ਬਾਬਰਾਂ ਨਾਲ ਕਦੇ ਵੀ ਸਿਰਜਣਾਤਮਕ ਸਾਂਝ ਨਹੀਂ ਪੁਗਾਈ। 

ਸਾਰੇ ਕਵੀਆਂ ਦੇ ਵਿਚਾਰਾਂ ਨੂੰ ਸਮੇਟਦਿਆਂ ਗੁਰਭਜਨ ਗਿੱਲ ਨੇ ਇਹ ਨਿਚੋੜ ਪੇਸ਼ ਕਰਦਿਆਂ ਕਿਹਾ ਕਿ ਰਾਜੇ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁੱਤੇ ਕਹਿਣ ਦੀ ਸਮਰੱਥ ਰਵਾਇਤ ਪੰਜ ਸਦੀਆਂ ਪੁਰਾਣੀ ਹੈ, ਪਰ ਪਿਛਲੀ ਸਦੀ ਵਿੱਚ ਹੀ ਗਦਰ ਪਾਰਟੀ ਦੇ ਸੂਰਮਿਆਂ ਨੇ ਗਦਰ ਗੂੰਜਾਂ ਵਿੱਚ ਕਲਮ ਨੂੰ ਕਿਰਪਾਨ ਵਾਂਗ ਵਰਤਿਆ। ਹਰ ਸੰਘਰਸ਼ ਵਿੱਚ ਪੰਜਾਬੀ ਕਵਿਤਾ ਹਮੇਸ਼ਾਂ ਲਿੱਸੇ ਕਮਜ਼ੋਰ ਨਿਤਾਣੇ ਵਰਗ ਦੇ ਹੱਕ ਵਿੱਚ ਭੁਗਤੀ ਹੈ, ਜਰਵਾਣਿਆਂ ਦੇ ਪੱਖ ਵਿੱਚ ਨਹੀਂ। ਡਾ: ਸੁਤਾਪਾ ਸੇਨ ਗੁਪਤਾ ਨੇ ਸਾਰੇ ਪੰਜਾਬੀ ਕਵੀਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੀ ਨਾਬਰ ਰਵਾਇਤ ਦੇ ਵੱਖ ਵੱਖ ਪਹਿਲੂਆਂ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਹੈ। ਡਾ: ਸੁਤਾਪਾ ਸੇਨ ਗੁਪਤਾ ਮੂਲ ਰੂਪ ਚ ਬੰਗਾਲੀ ਕਵਿੱਤਰੀ ਹਨ ਅਤੇ ਭਾਰਤੀ ਸਾਹਿੱਤ ਦਰਸ਼ਨ ਬਾਰੇ ਖੋਜ ਵਿੱਚ ਦਿਲਚਸਪੀ ਰੱਖਦੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।