ਹੋਣ/ਥੀਣ ਦੇ ਗੌਰਵ ਦੀਆਂ ਪੈੜਾਂ ਪਾਉਂਦੀ ਫ਼ਿਲਮ ‘ਸਬੂਤੇ ਕਦਮ’

0
19038

ਰਾਜਵਿੰਦਰ ਮੀਰ

“ਸਬੂਤੇ ਕਦਮ” ਕਹਾਣੀਕਾਰ ਅਤਰਜੀਤ ਦੀ ਕਹਾਣੀ ‘ਤੇ ਆਧਾਰਤ ਪੰਜਾਬੀ ਫੀਚਰ ਫਿਲਮ ਹੈ।ਇਸ ਫਿਲਮ ਨੂੰ ਨੌਜਵਾਨ ਨਿਰਦੇਸ਼ਕ ਬਲਰਾਜ ਸਾਗਰ ਨੇ ਨਿਰਦੇਸ਼ਤ ਕੀਤਾ ਹੈ ਤੇ ਨਿਰਮਾਤਾ ਸੁਰਜੀਤ ਸਿੰਘ ਸਿੱਧੂ ਨੇ ਨੇਪਰੇ ਚਾੜ੍ਹਿਆ ਹੈ।ਜਿੰਨੀ ਇਸ ਫਿਲਮ ਦੇ ਬਣਾਏ ਜਾਣ ਦੀ ਕਹਾਣੀ ਉਥਲ ਪੁਥਲ ਭਰੀ ਹੈ,ਉੱਨੀ ਹੀ ਅਜੀਬ ਕਹਾਣੀ ਇਸ ਦੇ ਰਿਲੀਜ਼ ਕੀਤੇ ਜਾਣ ਦੀ ਹੈ।ਬਣਨ ਤੋਂ ਲੈ ਕੇ ਜਾਰੀ ਹੋਣ ਤੱਕ ਦੇ ਪੰਜਾਂ ਸਾਲਾਂ ਵਿੱਚ ਇਸ ਫ਼ਿਲਮ ਨੇ ਕਾਫ਼ੀ ਉਤਰਾਅ ਚੜ੍ਹਾਅ ਦੇਖੇ।

ਅਸਲ ਵਿੱਚ ਪੰਜਾਬੀ ਸਿਨੇਮਾ ਇਸ ਸਮੇਂ ਕਲਾ ਨੂੰ ਮੁਖਾਤਿਬ ਨਹੀਂ ਹੈ_ਨਾ ਬੁਰਜੂਆ ਕਲਾ ਨੂੰ ਨਾ ਲੋਕ ਪੱਖੀ ਕਲਾ ਨੂੰ।ਪਰੋਲੇਤਾਰੀ ਦਵੰਦਵਾਦੀ ਸਿਨੇਮੇ ਦੇ ਸੰਕਲਪ ਦਾ ਵਿਚਾਰ ਤਾਂ ਅਜੇ ਸੁਪਨੇ ਜਿਹੀ ਗੱਲ ਹੈ।ਪੰਜਾਬੀ ਫ਼ਿਲਮ ਇੰਡਸਟਰੀ ਸ਼ੁੱਧ ਮੁਨਾਫ਼ੇ ਨੂੰ ਮੁਖ਼ਾਤਿਬ ਹੈ,ਅਜਿਹੇ ਸਮੇਂ ‘ਸਬੂਤੇ ਕਦਮ’ ਜਿਹੀ ਫ਼ਿਲਮ ਬਣਾਉਣਾ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ।ਅਜਿਹੀ ਫਿਲਮ ਨੂੰ ਕੋਈ ਵਿਕਰੇਤਾ ਨਹੀਂ ਮਿਲਦਾ ਹੁੰਦਾ।

ਜਦੋਂ ਘਟੀਆ ਦਰਜੇ ਦੀ ਕਾਮੇਡੀ,ਮਾਨਸਿਕ ਦੀਵਾਲੀਏਪਣ ਜਿਹਾ ਕਾਹਲ਼ਾਪਣ ਅਤੇ ਅਤੀਤ ਦਾ ਮੋਹ ਸਿਨੇਮੇ ਚ ਭਾਰੂ ਹੋਵੇ,ਉਸ ਸਮੇਂ ਸਬੂਤੇ ਕਦਮ ਜਿਹੀ ਫਿਲਮ ਦਾ ਆਉਣਾ ਸਮਾਨੰਤਰ ਪੰਜਾਬੀ ਸਿਨੇਮੇ ਲਈ ਆਸ ਦੀ ਕਿਰਨ ਹੈ।ਇਹ ਇੱਕ ਅਜਿਹੀ ਫ਼ਿਲਮ ਹੈ ਜੋ ਪੰਜਾਬੀ ਸਿਨੇਮੇ ਨੂੰ ਸਹਿਜਤਾ ਅਤੇ ਠਹਿਰਾਅ ਬਖ਼ਸ਼ਦੀ ਹੈ।ਜਿੰਨੀ ਤੇਜ਼ ਅਤੇ ਫੂਹੜ ਗਤੀ ਨਾਲ ਪੰਜਾਬੀ ਸਿਨੇਮਾ ਦੌੜ ਰਿਹਾ ਹੈ…ਲੋੜ ਹੈ ਕਿ ਪੰਜਾਬੀ ਦਰਸ਼ਕ ਨੂੰ ਉਸ ਗਤੀ ਨਾਲੋਂ ਇੱਕ ਦਮ ਤੋੜ ਦਿੱਤਾ ਜਾਵੇ।ਉਸ ਗਤੀ ਨਾਲੋਂ ਤੋੜਨ ਦਾ ਕੰਮ ਕਰਦੀ ਹੈ ਇਹ ਫਿਲਮ।

ਫ਼ਿਲਮ ਦੇ ਕਲਾਕਾਰਾਂ ਦੇ ਧੰਨ ਭਾਗ ਹਨ ਕਿ ਉਨ੍ਹਾਂ ਨੂੰ ਪੰਜਾਬੀ ਦੀ ਇੱਕ ਟ੍ਰੈਂਡ ਸੈਟਰ ਫਿਲਮ ਚ ਕੰਮ ਕਰਨ ਦਾ ਮੌਕਾ ਮਿਲਿਆ।ਇਹ ਫਿਲਮ ਕਮਾਈ ਹੀਣ ਜਾਂ ਅਣਗੌਲੀ ਰਹਿ ਜਾਣ ਦਾ ਸੰਤਾਪ ਭੋਗ ਸਕਦੀ ਹੈ।ਪਰ ਰੌਸ਼ਨ ਮੀਨਾਰ ਵਾਂਗ ਦਗਦਗ ਕਰਦੀ ਰਹੇਗੀ।ਜਿਵੇਂ ਕੋਈ ਨਾਇਕ ਰਾਜ ਸੱਤਾ ਹੱਥੋਂ ਤਾਂ ਹਾਰ ਜਾਵੇ ਪਰ ਲੋਕ ਸਿਮਰਤੀਆਂ ਚ ਉਸ ਦੇ ਉਪਰਾਲੇ ਮਿੱਥ ਕਥਾਵਾਂ ਬਣ ਜਾਂਦੇ ਹਨ।