ਚੰਡੀਗੜ੍ਹ/ਹੁਸ਼ਿਆਰਪੁਰ | ਪੰਜਾਬ ਪੁਲਿਸ ਨੇ ਇਕ ਹੋਰ ਵੱਡੀ ਡਰੱਗ ਸਪਲਾਈ ਚੇਨ ਦਾ ਪਰਦਾਫਾਸ਼ ਕਰਦਿਆਂ ਦੱਖਣੀ ਦਿੱਲੀ ਦੀ ਇੱਕ ਨਿਰਮਾਣ ਯੂਨਿਟ ਤੋਂ 4 ਅਫਗਾਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ 17 ਕਿਲੋ ਹੈਰੋਇਨ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ‘ਚ 90 ਕਰੋੜ ਰੁਪਏ ਦੱਸੀ ਜਾ ਰਹੀ ਹੈ, ਨੂੰ ਜ਼ਬਤ ਕੀਤਾ ਹੈ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਵਿੱਚ ਇਸ ਕਾਰੋਬਾਰ ਨਾਲ ਜੁੜੇ ਹੋਰ ਸੰਪਰਕਾਂ ਬਾਰੇ ਵੀ ਪਤਾ ਲਗਾ ਲਿਆ ਹੈ ਅਤੇ ਇਸ ਸਬੰਧੀ ਇੱਕ ਟੀਮ ਉਥੇ ਭੇਜ ਦਿੱਤੀ ਗਈ ਹੈ।

ਡੀਜੀਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਮੁਜਾਹਿਦ ਸ਼ਿਨਵਾਰੀ ਵਾਸੀ ਨੰਗਰਹਾਰ, ਅਫਗਾਨਿਸਤਾਨ, ਮੁਹੰਮਦ ਲਾਲ ਕਾਕਰ, ਜਨਾਤ ਗੁਲ ਕਾਕਰ ਅਤੇ ਸਮਿਉੱਲਾ ਅਫਗਾਨ ਤਿੰਨੋਂ ਵਾਸੀ ਕੁੰਡੂ, ਅਫਗਾਨਿਸਤਾਨ ਵਜੋਂ ਹੋਈ ਹੈ।

ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਨੇ ਨੈਬ ਸਰਾਏ ਯੂਨਿਟ ਤੋਂ ਨਸ਼ੀਲੇ ਪਦਾਰਥ ਬਣਾਉਣ ਲਈ ਵਰਤੇ ਜਾਂਦੇ ਕਈ ਤਰ੍ਹਾਂ ਦੇ ਕੈਮੀਕਲ ਅਤੇ ਲੈਬ ਉਪਕਰਨ ਵੀ ਬਰਾਮਦ ਕੀਤੇ ਹਨ।

ਇਹ ਗ੍ਰਿਫਤਾਰੀਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਹੁਸ਼ਿਆਰਪੁਰ ਪੁਲਿਸ ਦੀ ਟੀਮ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀਆਂ।

ਮਾਮਲੇ ਨਾਲ ਜੁੜੇ ਸੰਪਰਕਾਂ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਨੇ 18 ਮਈ 2021 ਨੂੰ ਪੁਸ਼ਪਿੰਦਰ ਸਿੰਘ ਉਰਫ ਟਿੰਕੂ ਅਤੇ ਅਮਿਤ ਚੌਧਰੀ ਨੂੰ ਗ੍ਰਿਫਤਾਰ ਕਰਕੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਿਨ੍ਹਾਂ ਨੇ ਕਬੂਲਿਆ ਸੀ ਕਿ ਉਨ੍ਹਾਂ ਨੇ ਇਹ ਨਸ਼ੀਲੇ ਪਦਾਰਥ ਜੰਡਿਆਲਾ, ਅੰਮ੍ਰਿਤਸਰ ਵਿੱਚ ਜਸਵੀਰ ਸਿੰਘ ਗੱਜੂ ਅਤੇ ਹੁਸ਼ਿਆਰਪੁਰ ਦੇ ਸਰਬਜੀਤ ਸਿੰਘ ਸੇਠੀ ਤੋਂ ਖਰੀਦੇ ਸਨ।

ਜਸਵੀਰ ਸਿੰਘ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ, ਜਿਥੇ ਉਸ ਦੀ ਸਾਥੀ ਜਗਰੂਪ ਕੌਰ ਨੂੰ ਪੁਲਿਸ ਪਾਰਟੀ ਨੇ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਘਰ ਪੂਰੀ ਤਲਾਸ਼ੀ ਲੈਣ ‘ਤੇ ਪੁਲਿਸ ਪਾਰਟੀ ਨੇ 1.48 ਕਿਲੋ ਹੈਰੋਇਨ, 500 ਗ੍ਰਾਮ ਸੋਨਾ ਅਤੇ 49.48 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ।

ਇਸ ਤੋਂ ਬਾਅਦ ਪੁਲਿਸ ਨੇ 1 ਜੁਲਾਈ ਨੂੰ ਸਰਬਜੀਤ ਸੇਠੀ ਨੂੰ ਵੀ ਗੜ੍ਹਸ਼ੰਕਰ ਤੋਂ ਗ੍ਰਿਫਤਾਰ ਕਰ ਲਿਆ  ਅਤੇ ਉਸ ਕੋਲੋਂ  500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸਰਬਜੀਤ ਨੇ ਹੈਰੋਇਨ ਨੂੰ ਅਫਗਾਨ ਨਾਗਰਿਕਾਂ ਤੋਂ ਖਰੀਦਿਆ ਸੀ, ਜੋ ਦਿੱਲੀ ਵਿੱਚ ਹੈਰੋਇਨ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਹਨ ਅਤੇ ਉੱਤਰ ਪ੍ਰਦੇਸ਼ ਤੋਂ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਇਮਤਿਆਜ਼ ਬਾਰੇ ਵੀ ਦੱਸਿਆ। 

ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਪੁਲਿਸ ਟੀਮ ਨੇ ਦਿੱਲੀ ਵਿਖੇ ਸ਼ੱਕੀ ਥਾਂ ‘ਤੇ ਛਾਪਾ ਮਾਰਿਆ ਅਤੇ ਇਸ ਨਿਰਮਾਣ ਯੂਨਿਟ ਦਾ ਪਰਦਾਫਾਸ਼ ਕੀਤਾ, ਜਿੱਥੋਂ ਵੱਡੀ ਮਾਤਰਾ ਵਿੱਚ ਹੈਰੋਇਨ ਪੰਜਾਬ ਅਤੇ ਹੋਰ ਰਾਜਾਂ ਨੂੰ ਸਪਲਾਈ ਕੀਤੀ ਜਾ ਰਹੀ ਸੀ।

ਸ਼੍ਰੀ ਗੁਪਤਾ ਨੇ ਕਿਹਾ ਕਿ ਇਮਤਿਆਜ਼ ਦੇ ਗਿਰੋਹ ਦਾ ਪਤਾ ਲਗਾਉਣ ਲਈ ਇਕ ਹੋਰ ਟੀਮ ਉੱਤਰ ਪ੍ਰਦੇਸ਼ ਭੇਜੀ ਗਈ ਹੈ।

ਐੱਸਐੱਸਪੀ. ਨਵਜੋਤ ਮਾਹਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਹੋਰ ਸਬੰਧਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਸ ਦੌਰਾਨ ਗੜ੍ਹਸ਼ੰਕਰ ਥਾਣਾ ਹੁਸ਼ਿਆਰਪੁਰ ਵਿਖੇ ਐੱਨਡੀਪੀਐੱਸ ਐਕਟ ਦੀ ਧਾਰਾ 21-61-85 ਅਧੀਨ 1 ਜੁਲਾਈ 2021 ਨੂੰ ਐੱਫਆਈਆਰ ਦਰਜ ਕੀਤੀ ਗਈ ਸੀ ।   

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)