ਲੋਕਾਂ ਨੂੰ ਲੱਛਣ ਦਿਸਣ ’ਤੇ ਮੁਕੰਮਲ ਇਲਾਜ ਲਈ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਆ

ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੋਵਿਡ-19 ਦੇ ਹੋਰ ਫੈਲਾਓ ਨੂੰ ਰੋਕਣ ਲਈ ਮਾਈਕਰੋ ਜ਼ੋਨਾਂ ਅਤੇ ਸੀਮਤ ਜ਼ੋਨਾਂ ਵਿੱਚ ਰੈਪਿਡ ਐਂਟੀਜਨ ਟੈਸਟ ਵਿਧੀ ਦੀ ਵਰਤੋਂ ਕਰਕੇ 100 ਫੀਸਦ ਟੈਸਟਿੰਗ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।  ਸੂਬੇ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਜ਼ਿਲਾ ਪੁਲਿਸ ਮੁਖੀਆਂ ਅਤੇ ਸਿਵਲ ਸਰਜਨਾਂ ਨੂੰ ਪੂਰੀ ਤਵੱਜੋ ਦੇ ਕੇ ਸੰਪਰਕ ਵਾਲੇ ਵਿਅਕਤੀਆਂ ਖਾਸਕਰ ਹਰ ਕੋਵਿਡ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਘੱਟੋ-ਘੱਟ 10 ਵਿਅਕਤੀਆਂ ਦਾ ਪਤਾ ਲਗਾਉਣ ਲਈ ਆਖਿਆ ਗਿਆ। 

ਉਨਾਂ ਜ਼ਿਆਦਾ ਮੇਲ ਮਿਲਾਪ ਵਾਲੇ ਕਿੱਤਿਆਂ/ਪੇਸ਼ਿਆਂ ਵਾਲੇ ਵਿਅਕਤੀਆਂ, ਜਿਵੇਂ ਦੁਕਾਨਦਾਰ, ਮੰਡੀਆਂ ਵਿਚਲੇ ਕਾਮੇ ਅਤੇ ਮੂਹਰਲੀ ਕਤਾਰ  ਵਾਲੇ ਮੁਲਾਜ਼ਮਾਂ ਦੇ ਇਸੇ ਹਫਤੇ ਦੇ ਅੰਦਰ-ਅੰਦਰ ਟੈਸਟ ਕਰਨ ਲਈ ਨਿਰਦੇਸ਼ ਦਿੱਤੇ ਅਤੇ ਇਸਨੂੰ ਟੈਸਟਿੰਗ ਹਫਤੇ ਵੱਜੋਂ ਐਲਾਨਿਆ।ਮੁੱਖ ਮੰਤਰੀ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਸਮੁੱਚੇ ਦਫਤਰਾਂ, ਵਪਾਰਕ ਅਦਾਰਿਆਂ, ਉਦਯੋਗਿਕ ਯੂਨਿਟਾਂ ਅਤੇ ਮੈਰਿਜ ਪੈਲੇਸਾਂ ਆਦਿ ਜਿੱਥੇ 10 ਤੋਂ ਵਧੇਰੇ ਵਿਅਕਤੀ ਇਕੱਠੇ ਹੁੰਦੇ ਹਨ, ਵਿਖੇ ਸਿਹਤ ਅਤੇ ਸੁਰੱਖਿਆ ਉਪਾਵਾਂ ਦੀ ਪੂਰੀ ਬਾਰੀਕੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ‘ਕੋਵਿਡ ਮੋਨੀਟਰਾਂ’ ਦੀ ਲਾਜ਼ਮੀ ਨਿਯੁਕਤੀ ਕੀਤੇ ਜਾਵੇ।

ਇਹ ਮੋਨੀਟਰ ਕੰਮ ਵਾਲੀਆਂ ਥਾਵਾਂ ਨੂੰ ਸਾਫ ਤੇ ਕੀਟਾਣੂੰ ਰਹਿਤ ਰੱਖੇ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮਿ੍ਰਤਸਰ ਅਤੇ ਫਰੀਦਕੋਟ ਵਿਖੇ ਸਥਾਪਤ ਪਲਾਜ਼ਮਾ ਬੈਂਕਾਂ ਵਿਖੇ ਪਲਾਜ਼ਮਾ ਦੇਣ ਲਈ ਅੱਗੇ ਆਉਣ ਤਾਂ ਜੋ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ। 

ਲੋਕਾਂ ਵਿੱਚ ਕੋਰੋਨਾਵਾਇਰਸ ਨਾਲ ਜੁੜੀਆਂ ਨਾਂਹ-ਪੱਖੀ ਆਮ ਧਾਰਨਾਵਾਂ ’ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਲੋਕ ਸੰਪਰਕ ਵਿਭਾਗ ਨੂੰ ਲੋਕਾਂ ਨੂੰ ਕੋਰੋਨਾ ਟੈਸਟਿੰਗ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਪੂਰੀ ਤਨਦੇਹੀ ਨਾਲ ਮੁਹਿੰਮ ਵਿੱਢਣ ਲਈ ਨਿਰਦੇਸ਼ ਦੇਣ ਲਈ ਆਖਿਆ ਕਿਉ ਜੋ ਮੌਜੂਦਾ ਸਮੇਂ ਲੋਕ ਇਸ ਨਾਲ ਜੁੜੀਆਂ ਨਾਂਹ ਪੱਖੀ ਧਾਰਨਾਵਾਂ ਕਰਕੇ ਟੈਸਟ ਕਰਵਾਉਣ ਤੋਂ ਝਿਜਕਦੇ ਹਨ। ਆਪਣੀ ਖੁਦ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਅਜਿਹੀਆਂ ਨਾਂਹ-ਪੱਖੀ ਧਾਰਨਾਵਾਂ ਦਾ ਕੋਈ ਡਰ ਨਹੀਂ ਅਤੇ ਟੈਸਟ ਕਰਵਾਏ ਜਾਣ ਸਬੰਧੀ ਉਹ ਖੁਸ਼ੀ ਨਾਲ ਆਪਣੀ ਵੀਡੀਓ ਵੱਖ-ਵੱਖ ਮੀਡੀਆ ਪਲੈਟਫਾਰਮਾਂ ’ਤੇ ਸਾਂਝੀ ਕਰਨਗੇ ਤਾਂ ਜੋ ਲੋਕਾਂ ਵਿਚ ਟੈਸਟਿੰਗ ਕਰਵਾਉਣ ਸਬੰਧੀ ਸਵੈ-ਭਰੋਸਾ ਭਰਿਆ ਜਾ ਸਕੇ ਕਿਉਕਿ ਟੈਸਟਿੰਗ ਦੀ, ਖਾਸਕਰ ਮੌਜੂਦਾ ਸਮੇਂ ਕੇਸਾਂ ਵਿਚ ਹੋਏ ਵਾਧੇ ਦੌਰਾਨ,  ਬਹੁਤ ਮਹੱਤਤਾ ਹੈ।  ਇਸ ਤੋਂ ਪਹਿਲਾਂ ਕੋਰੋਨਾ ਨਾਲ ਬੁਰੀ ਤਰਾਂ ਪ੍ਰਭਾਵਿਤ 4 ਜ਼ਿਲਿਆਂ  ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਐਸ.ਐਸ.ਪੀਜ਼ ਅਤੇ ਸਿਵਲ ਸਰਜਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਨਾਂ ਅਧਿਕਾਰੀਆਂ ਨੂੰ ਜ਼ਿਲਿਆਂ ਨੂੰ ਸੈਕਟਰਾਂ ਵਿੱਚ ਵੰਡਣ ਲਈ ਕਿਹਾ ਤਾਂ ਜੋ ਕੋਵਿਡ ਦੀ ਸਥਿਤੀ ’ਤੇ ਤਿੱਖੀ ਨਿਗਰਾਨੀ ਰੱਖੀ ਜਾ ਸਕੇ ਅਤੇ 100 ਫੀਸਦੀ ਟੈਸਟਿੰਗ, ਨਿਗਰਾਨੀ ਅਤੇ ਸੰਪਰਕ ਟਰੇਸਿੰਗ ਯਕੀਨੀ ਬਣਾਉਣ ਲਈ ਕਿਹਾ। ਹਰੇਕ ਸੈਕਟਰ ਦੀ ਨਿਗਰਾਨੀ ਗਜ਼ਟਿਡ ਰੈਂਕ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਕਰੇਗੀ, ਜੋ ਉਪਰੋਕਤ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨਾ ਯਕੀਨੀ ਬਣਾਏਗੀ। ਉਨਾਂ ਵਿਸ਼ੇਸ਼ ਤੌਰ ’ਤੇ ਇਨਾਂ ਸ਼ਹਿਰਾਂ ਦੇ ਪੁਰਾਣੇ ਇਲਾਕਿਆਂ ਵਿਚ ਜੰਗੀ ਪੱਧਰ ’ਤੇ ਟੈਸਟਿੰਗ ਸ਼ੁਰੂ ਕਰਨ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੋਜ਼ਾਨਾ ਆਧਾਰ ’ਤੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਗਿਆਨ ਸਾਗਰ ਹਸਪਤਾਲ ਅਤੇ ਸਿਵਲ ਹਸਪਤਾਲ ਮੁਹਾਲੀ ਵਿੱਚ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੂੰ ਮੌਜੂਦਾ ਕੋਵਿਡ ਸਥਿਤੀ ਬਾਰੇ ਜਾਣੂੰ ਕਰਵਾਉਣ ਲਈ ਇਕ ਸੰਖੇਪ ਪੇਸ਼ਕਾਰੀ ਦਿੰਦਿਆਂ ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਕੋਵਿਡ ਦੇ ਮਾਮਲਿਆਂ ਦੇ ਵਧਣ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਸਾਰੇ ਮੈਡੀਕਲ ਕਾਲਜ ਅਤੇ ਸਰਕਾਰੀ ਹਸਪਤਾਲ ਮਜ਼ਬੂਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਸਿੱਖਿਅਤ ਡਾਕਟਰਾਂ ਅਤੇ ਪੈਰਾ-ਮੈਡਿਕਸ ਨਾਲ ਲੈਸ ਹਨ।ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਧਾਰਮਿਕ ਸੰਸਥਾਵਾਂ ਦੇ ਹੋਰ ਮੁਖੀਆਂ ਨੂੰ ਬੇਨਤੀ ਕਰਨ ਕਿ ਉਹ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਇਸ ਜਾਨਲੇਵਾ ਵਾਇਰਸ ਤੋਂ ਸੁਰੱਖਿਆ ਲਈ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕਰਨ। ਉਨਾਂ ਇਹ ਵੀ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਸਾਰੇ ਵਿਭਾਗਾਂ ਨੂੰ ਸ਼ਾਮਲ ਕਰਦਿਆਂ ਤਾਲਮੇਲ ਆਧਾਰਤ ਪਹੁੰਚ ਅਪਣਾਉਣੀ ਚਾਹੀਦੀ ਹੈ ਜਿਸ ਵਿੱਚ ਸੀਮਤ ਜ਼ੋਨਾਂ ’ਚ ਰੈਪਿਡ ਐਂਟੀਜਨ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਨੂੰ ਤੇਜ਼ ਕਰਨਾ ਚਾਹੀਦਾ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਪੂਰੀ ਪੁਲਿਸ ਫੋਰਸ ਕੋਵਿਡ ਦੀਆਂ ਬੰਦਿਸ਼ਾਂ ਨੂੰ ਲਾਗੂ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਆਮ ਤੌਰ ’ਤੇ ਲੋਕ ਇਸ ਦਾ ਪਾਲਣ ਕਰ ਰਹੇ ਹਨ।