ਚੰਡੀਗੜ੍ਹ . ਰਾਸ਼ਟਰੀ ਸੈਵਮਸੇਵਕ ਸੰਘ (ਆਰਐਸਐਸ) ਦੇ ਕਿਸਾਨ ਵਿੰਗ ਭਾਰਤੀ ਕਿਸਾਨ ਸੰਘ ਵੱਲੋਂ ਖੇਤੀਬਾੜੀ ਬਾਰੇ ਆਰਡੀਨੈਂਸਾਂ ਦਾ ਖੁੱਲ ਕੇ ਵਿਰੋਧ ਕਰਨ ਉੱਤੇ ਪ੍ਰਤੀਕਰਮ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਫਿਰ ਬਾਦਲ ਪਰਿਵਾਰ ਨੂੰ ਕਟਹਿਰੇ ‘ਚ ਖੜ੍ਹਾ ਕਰਦਿਆਂ ਕਿਹਾ ਕਿ ਹੁਣ ਤਾਂ ਆਰਐਸਐਸ ਦੇ ਕਿਸਾਨ ਵਿੰਗ ਨੇ ਵੀ ਆਰਡੀਨੈਂਸਾਂ ਵਿਰੁੱਧ ਸਟੈਂਡ ਲੈ ਲਿਆ ਹੈ, ਬਾਦਲਾਂ ਦੀ ਜ਼ਮੀਰ ਕਦੋਂ ਜਾਗੇਗੀ?

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਰਐਸਐਸ ਨਾਲ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਵੱਲੋਂ ਮੋਦੀ ਸਰਕਾਰ ਦੇ ਅਖੌਤੀ ਖੇਤੀ ਸੁਧਾਰ ਆਰਡੀਨੈਂਸਾਂ ਦਾ ਵਿਰੋਧ ਕਰਨਾ ਮਾਇਨੇ ਰੱਖਦਾ ਹੈ। ਭਗਵੰਤ ਮਾਨ ਨੇ ਕਿਹਾ, ‘‘ਇਹ ਆਰਡੀਨੈਂਸ ਲਿਆਂਦੇ ਜਾਣ ਦੇ ਸ਼ੁਰੂਆਤੀ ਦਿਨਾਂ ‘ਚ ਭਾਰਤੀ ਕਿਸਾਨ ਸੰਘ ਨੇ ਕੁੱਝ ਸ਼ੰਕੇ ਪ੍ਰਗਟ ਕੀਤੇ ਸਨ। ਹੁਣ ਸਪਸ਼ਟ ਰੂਪ ‘ਚ ਵਿਰੋਧ ਕਰਕੇ ਭਾਰਤੀ ਕਿਸਾਨ ਸੰਘ ਨੇ ਕਿਸਾਨ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਦੇ ਪੱਖ ‘ਚ ਸਟੈਂਡ ਲਿਆ ਹੈ। ਅਸੀਂ ਪਹਿਲਾਂ ਹੀ ਐਲਾਨ ਕਰ ਚੁੱਕੇ ਹਾਂ ਕਿ ਜੋ ਵੀ ਕਿਸਾਨ-ਮਜ਼ਦੂਰ ਜਥੇਬੰਦੀ ਜਾਂ ਸਿਆਸੀ ਪਾਰਟੀ ਮੋਦੀ ਸਰਕਾਰ ਦੇ ਇਨ੍ਹਾਂ ਕਿਸਾਨ, ਆੜ੍ਹਤੀ, ਮੁਨੀਮ, ਪੱਲੇਦਾਰ, ਖੇਤ ਮਜ਼ਦੂਰ, ਟਰਾਂਸਪੋਰਟਰ ਅਤੇ ਪੰਜਾਬ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕਰੇਗੀ, ਆਮ ਆਦਮੀ ਪਾਰਟੀ ਸਿਆਸਤ ਤੋਂ ਉੱਤੇ ਉੱਠ ਕੇ ੁਸਦੀ ਪ੍ਰੋੜ੍ਹਤਾ ਅਤੇ ਹਿਮਾਇਤ ਕਰਦੀ ਹੈ, ਪਰੰਤੂ ਸਵਾਲ ਇਹ ਹੈ ਕਿ ਪੰਜਾਬ ਅਤੇ ਕਿਸਾਨਾਂ ਦਾ ‘ਮਸੀਹਾ’ ਕਹਾਉਣ ਵਾਲਾ ਬਾਦਲ-ਪਰਿਵਾਰ ਇਸ ਮੁੱਦੇ ‘ਤੇ ਕੁਫ਼ਰ ਕਿਉਂ ਤੋਲ ਰਿਹਾ ਹੈ?’’ 

ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ-ਆੜ੍ਹਤੀਆਂ ਅਤੇ ਖੇਤੀਬਾੜੀ ‘ਤੇ ਨਿਰਭਰ ਬਹੁਗਿਣਤੀ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਬਠਿੰਡੇ ਤੋਂ ਦਿੱਲੀ ਪਹੁੰਚੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ‘ਚ ਡਟਣ ਦੀ ਥਾਂ ਕਿਸਾਨਾਂ ਦੀ ਹਿੱਕ ‘ਤੇ ਹੀ ਵਜ਼ੀਰੀ ਵਾਲੀ ਕੁਰਸੀ ਡਾਹ ਲਈ ਹੈ। ਮਾਨ ਨੇ ਕਿਹਾ ਕਿ ਬਾਦਲਾਂ ਨੂੰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਇਸ ਗਦਾਰੀ ਦੀ 2022 ‘ਚ ਭਾਰੀ ਕੀਮਤ ਚੁਕਾਉਣੀ ਪਵੇਗੀ।