ਚੰਡੀਗੜ੍ਹ | ਪੰਜਾਬ ਸਰਕਾਰ ਨੇ ਹੋਰ ਨੌਕਰੀਆਂ ਕੱਢੀਆਂ ਹਨ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਪਟਵਾਰੀ (ਮਾਲ) ਭਰਤੀ 2023 ਆਨਲਾਈਨ ਅਰਜ਼ੀ ਵਿੰਡੋ ਮੁੜ ਖੋਲ੍ਹ ਦਿੱਤੀ ਹੈ। ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ ssb.punjab.gov.in ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਮੀਦਵਾਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਵੇ। ਦਫ਼ਤਰ ਉਤਪਾਦਕਤਾ ਐਪਲੀਕੇਸ਼ਨ ਜਾਂ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨ ‘ਚ ਨਿੱਜੀ ਕੰਪਿਊਟਰ ਜਾਂ ਸੂਚਨਾ ਤਕਨਾਲੋਜੀ ‘ਚ ਕੰਮ ਕਰਨ ਦੇ ਅਨੁਭਵ ਵਾਲੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਨਾਮਵਰ ਸੰਸਥਾ ਤੋਂ ਘੱਟੋ-ਘੱਟ 120 ਘੰਟਿਆਂ ਦਾ ਕੋਰਸ ਕੀਤਾ ਹੋਵੇ। ਅਪਲਾਈ ਕਰਨ ਵਾਲੇ ਨੇ ਲਾਜ਼ਮੀ ਜਾਂ ਚੋਣਵੇਂ ਵਿਸ਼ਿਆਂ ਵਿਚੋਂ ਇਕ ਵਜੋਂ ਪੰਜਾਬੀ ਨਾਲ ਮੈਟ੍ਰਿਕ ਪਾਸ ਕੀਤੀ ਹੋਣੀ ਚਾਹੀਦੀ ਹੈ।

ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਟਵਾਰੀ ਭਰਤੀ ਲਈ ਆਨਲਾਈਨ ਅਰਜ਼ੀਆਂ 24 ਮਾਰਚ ਤੋਂ ਸ਼ੁਰੂ ਹੋ ਗਈਆਂ ਹਨ। ਯੋਗ ਉਮਦੀਵਾਰ 2 ਅਪ੍ਰੈਲ 2023 ਤਕ ਅਪਲਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਅਰਜ਼ੀ ਦੀ ਆਖਰੀ ਮਿਤੀ 20 ਮਾਰਚ ਸੀ। PSSSB ਭਰਤੀ ਮੁਹਿੰਮ ਦਾ ਉਦੇਸ਼ ਕੁੱਲ 710 ਅਸਾਮੀਆਂ ਨੂੰ ਭਰਨਾ ਹੈ। ਇਨ੍ਹਾਂ ਵਿਚੋਂ 251 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ। ਖਾਲੀ ਅਸਾਮੀਆਂ ਦੇ ਵੇਰਵੇ ਭਰਤੀ ਨੋਟੀਫਿਕੇਸ਼ਨ ‘ਚ ਦੇਖੇ ਜਾ ਸਕਦੇ ਹਨ।

ਯੋਗ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਤੇ ਵੱਧ ਤੋਂ ਵੱਧ 1 ਜਨਵਰੀ 2023 ਨੂੰ 37 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇਗੀ।