ਚੰਡੀਗੜ੍ਹ | ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਦੀਆਂ ਬਾਗੀ ਸੁਰਾਂ ਮਗਰੋਂ ਹੁਣ ਕਈ ਕਾਂਗਰਸੀ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਡਟ ਗਏ ਹਨ।

ਖ਼ਬਰ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ 3 ਮੰਤਰੀਆਂ ਤੇ 20 ਕਾਂਗਰਸੀ ਵਿਧਾਇਕਾਂ ਦੀ ਖਾਸ ਮੀਟਿੰਗ ਹੋਈ ਹੈ। ਇਸ ਦੇ ਨਾਲ ਹੀ ਕੈਪਟਨ ਵਿਰੁੱਧ ਕਾਂਗਰਸ ਦਾ ਧੜਾ ਅੱਜ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਜਾਵੇਗਾ।

ਖ਼ਬਰ ਇਹ ਵੀ ਹੈ ਕਿ 5 ਤੋਂ 7 ਮੰਤਰੀ ਅਸਤੀਫ਼ਾ ਵੀ ਦੇ ਸਕਦੇ ਹਨ। ਇਨ੍ਹਾਂ ਮੰਤਰੀਆਂ ‘ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸੁਖਬਿੰਦਰ ਸਰਕਾਰੀਆ, ਤ੍ਰਿਪਤ ਰਜਿੰਦਰ ਬਾਜਵਾ, ਚਰਨਜੀਤ ਚੰਨੀ ਤੇ ਜਨਰਲ ਸਕੱਤਰ ਪ੍ਰਗਟ ਸਿੰਘ ਦਾ ਨਾਂ ਸਾਹਮਣੇ ਆਇਆ ਹੈ, ਜਿਨ੍ਹਾਂ ਦੇ ਦਿੱਲੀ ਦੌਰੇ ਦੀ ਚਰਚਾ ਹੋ ਰਹੀ ਹੈ।

ਬਾਗੀ ਕਾਂਗਰਸੀ ਲੀਡਰਾਂ ਦੀ ਮੀਟਿੰਗ ਤ੍ਰਿਪਤ ਬਾਜਵਾ ਦੇ ਘਰ ਹੋਈ, ਜਿਸ ਵਿੱਚ ਕਈ ਮੰਤਰੀ ਤੇ ਵਿਧਾਇਕ ਸ਼ਾਮਿਲ ਹੋਏ। ਜਾਣਕਾਰੀ ਮੁਤਾਬਕ ਕੈਪਟਨ ਦੇ ਕੰਮਕਾਜ ਦੇ ਵਿਰੋਧ ਵਿੱਚ ਇਹ ਬੈਠਕ ਕੀਤੀ ਗਈ ਹੈ।

ਮੀਟਿੰਗ ‘ਚ ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਰਾਜਾ ਵੜਿੰਗ, ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ ਤੇ ਪਰਗਟ ਸਿੰਘ ਸਮੇਤ ਹੋਰ ਵੀ ਮੈਂਬਰ ਹਾਜ਼ਰ ਰਹੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)