ਮੁੱਖ ਮੰਤਰੀ ਨੇ ਫਗਵਾੜਾ ਬਲੱਡ ਬੈਂਕ ਦੀ ਅਣਗਿਹਲੀ ਸਬੰਧੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਦਿੱਤੇ ਹੁਕਮ

ਚੰਡੀਗੜ . ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵਿਖੇ ਇਕ ਨੌਜਵਾਨ ਨੂੰ ਵੱਖਰੇ ਬਲੱਡ ਗਰੁੱਪ ਦਾ ਖੂਨ ਦੇਣ ਅਤੇ ਦੋ ਮਰੀਜਾਂ ਨੂੰ ਸੰਕਰਮਿਤ ਖੂਨ ਦੇਣ ਸਬੰਧੀ ਹੋਈ ਅਣਗਹਿਲੀ ਮਾਮਲੇ ‘ਚ ਮੁੱਖ ਮੰਤਰੀ ਨੇ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ।

ਫਗਵਾੜਾ ‘ਚ ਦੋ ਮਰੀਜਾਂ ਨੂੰ ਐਚਸੀਵੀ ਅਤੇ ਐਚਬੀਐੱਸਏਜੀ ਨਾਲ ਸੰਕਰਮਿਤ ਖੂਨ ਦੀਆਂ ਦੋ ਯੂਨਿਟਾਂ ਦੇ ਦਿੱਤੀਆਂ ਗਈਆਂ ਸਨ।
ਸਰਕਾਰੀ ਬੁਲਾਰੇ ਮੁਤਾਬਿਕ- ਫਗਵਾੜਾ ਦੇ ਬਲੱਡ ਬੈਂਕ ਨੂੰ ਬੰਦ ਕਰ ਕਰਕੇ ਸਬੰਧਤ ਬੀਟੀਓ ਡਾ. ਹਰਦੀਪ ਸੇਠੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਲਟੀ ਰਵੀ ਪਾਲ ਦੀਆਂ ਸੇਵਾਵਾਂ ਵੀ ਸਸਪੈਂਡ ਕਰ ਦਿੱਤੀਆਂ ਗਈਆਂ ਹਨ। ਇਹਨਾਂ ਦੋਹਾਂ ਤੋਂ ਇਲਾਵਾ ਐਸਐਮਓ ਡਾ. ਕਮਲ ਕਿਸੋਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਸਿਵਿਲ ਸਰਜਨ ਕਪੂਰਥਲਾ ਨੂੰ ਇਸ ਅਪਰਾਧਿਕ ਲਾਪ੍ਰਵਾਹੀ ਲਈ ਪੁਲਿਸ ਵਿਭਾਗ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਨੇ ਇਸ ਮਾਮਲੇ ‘ਤੇ ਚਿੰਤਾ ਜ਼ਾਹਿਰ ਕਰਦਿਆਂ ਸਿਹਤ ਵਿਭਾਗ ਨੂੰ ਸਾਰੇ ਬਲੱਡ ਬੈਂਕਾਂ ਦੀ ਤੁਰੰਤ ਜਾਂਚ ਕਰਵਾਉਣ ਦੇ ਨਿਰਦੇਸ ਦਿੱਤੇ ਹਨ। ਕਪੂਰਥਲਾ ਜ਼ਿਲੇ ਦੇ ਸਾਰੇ ਬਲੱਡ ਬੈਂਕਾਂ ਦਾ ਅਗਲੇ ਤਿੰਨ ਦਿਨਾਂ ਅੰਦਰ ਸਿਵਲ ਸਰਜਨਾਂ ਦੀ ਅਗਵਾਈ ਵਾਲੀ ਡਿਸਟ੍ਰਿਕਟ ਬਲੱਡ ਟਰਾਂਸਫੀਊਜ਼ਨ ਕਮੇਟੀ ਵੱਲੋਂ ਨਿਰੀਖਣ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਹੋਰ ਜਾਂਚ ਪ੍ਰਰਿਕਿਆਂ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸਨ, ਪੰਜਾਬ ਬਲੱਡ ਐਂਡ ਟਰਾਂਸਫੀਊਜ਼ਨ ਕਮੇਟੀ ਦੀ ਟੀਮਾਂ ਵੱਲੋਂ ਅਗਲੇ 15 ਦਿਨਾਂ ਵਿਚ ਸਾਰੇ ਸਰਕਾਰੀ ਬਲੱਡ ਬੈਂਕ ਦਾ ਨਿਰੀਖਣ ਅਤੇ 31 ਮਾਰਚ ਤੱਕ ਸਾਰੇ ਪ੍ਰਾਈਵੇਟ ਬਲੱਡ ਬੈਂਕਾਂ ਦਾ ਨਿਰੀਖਣ ਕੀਤਾ ਜਾਵੇਗਾ।

ਜਾਂਚ ਦੌਰਾਨ ਪਤਾ ਲੱਗਾ ਸੀ ਕਿ ਇਕ ਮਰੀਜ ਜਿਸਦਾ ਬਲੱਡ ਗਰੁੱਪ ਓ+ ਹੈ, ਨੂੰ ਬੀ+ ਖੂਨ ਚੜਾਇਆ ਗਿਆ, ਜੋ ਮਰੀਜ ਦੀ ਜਾਨ ਲਈ ਵੱਡਾ ਖਤਰਾ ਸੀ। ਜਿਸ ਨਾਲ ਨੌਜਵਾਨ ਰੋਗੀ ਦੀ ਹਾਲਤ ਵਿਗੜ ਗਈ।

ਨਿਯਮਾਂ ਮੁਤਾਬਿਕ, ਮਰੀਜ ਦੀ ਦੇਖਭਾਲ ਕਰ ਰਹੇ ਐਮਓ ਅਤੇ ਅੱਗੇ ਐਸਐਮਓ ਦੀ ਡਿਊਟੀ ਸੀ ਕਿ ਉਹ ਇਸ ਘਟਨਾ ਦੀ ਜਾਣਕਾਰੀ ਤੁਰੰਤ ਉੱਚ ਅਧਿਕਾਰੀਆਂ ਨੂੰ ਦੇਣ। ਐਸਐਮਓ ਨੂੰ ਜਰੂਰੀ ਕਾਰਵਾਈ ਕਰਨੀ ਚਾਹੀਦੀ ਸੀ ਅਤੇ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਸਨ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਐਸਐਮਓ ਡਾ. ਕਮਲ ਕਿਸੋਰ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹੇ ਅਤੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ। ਸਿੱਧਾ ਸਾਡੇ WhatsApp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।