ਪੰਜਾਬ ‘ਚ ਕੋਰੋਨਾ ਵਾਇਰਸ ਦੀ ਇਹ ਹੈ ਰਿਪੋਰਟ, ਖਤਰੇ ਨੂੰ ਵੇਖਦਿਆਂ ਹੈਲਥ ਡਿਪਾਰਟਮੈਂਟ ਦੀਆਂ ਛੁੱਟੀਆਂ ਰੱਦ

  0
  380

  ਚੰਡੀਗੜ . ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਰਿਪੋਰਟਿੰਗ ਅਤੇ ਮੈਨੇਜਮੈਂਟ ਕਰ ਰਹੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾਵਾਇਰਸ ਮਾਮਲਿਆਂ ਦੀ ਨਿਗਰਾਨੀ ਤਹਿਤ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਾਰੇ ਅਫਸਰਾਂ ਅਤੇ ਮੁਲਾਜਮਾਂ ਦੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਛੁੱਟੀ ਸਿਰਫ ਡਾਇਰੈਕਟੋਰੇਟ ਸਿਹਤ ਸੇਵਾਵਾਂ ਤੋਂ ਮਨਜ਼ੂਰੀ ਮਿਲਣ ਉਪਰੰਤ ਹੀ ਦਿੱਤੀ ਜਾਵੇਗੀ ਤਾਂ ਜੋ ਸ਼ੱਕੀ ਯਾਤਰੀਆਂ ਦੀ ਜਾਂਚ ਤੇ ਟੈਸਟ ਪ੍ਰਕਿਰਿਆ ਤੇ ਕਿਸੇ ਵੀ ਤਰਾਂ ਦਾ ਅਸਰ ਨਾ ਹੋਵੇ।

  ਕੈਬਨਿਟ ਮੰਤਰੀ ਨੇ ਅਤਿ ਸੰਵੇਦਨਸ਼ੀਲ ਇਲਾਕਿਆਂ ਵਿਖੇ ਹੋ ਰਹੀ ਸਕਰੀਨਿੰਗ ਬਾਰੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਅਤੇ ਮੁਹਾਲੀ ਦੇ ਹਵਾਈ ਅੱਡਿਆਂ ਵਿਖੇ 22,236 ਯਾਤਰੀਆਂ ਦੀ ਜਾਂਚ ਕੀਤੀ ਹੈ। ਅਟਾਰੀ-ਵਾਹਗਾ ਬਾਰਡਰ ਵਿਖੇ 16,549 ਯਾਤਰੀ ਅਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ 5,687 ਯਾਤਰੀਆਂ ਦੀ ਜਾਂਚ ਕੀਤੀ ਗਈ।

  ਚੀਨ ਦੀ ਯਾਤਰਾ ਕਰ ਚੁੱਕੇ ਜਾਂ ਹਵਾਈ ਅੱਡਿਆਂ ‘ਤੇ ਠਹਿਰਣ ਵਾਲੇ 1517 ਯਾਤਰੀਆਂ ਵਿੱਚੋਂ 35 ਸ਼ੱਕੀ ਮਰੀਜਾਂ ਦੇ ਨਮੂਨੇ ਲਏ ਗਏ ਸਨ ਜੋ ਕਿ ਨੈਸ਼ਨਲ ਇੰਸਟੀਚੀਊਟ ਆਫ ਵਾਇਰੋਲੋਜੀ, ਪੂਣੇ ਵੱਲੋਂ ਨੈਗਟਿਵ ਕਰਾਰ ਦਿੱਤੇ ਗਏ ਹਨ।

  ਉਹਨਾਂ ਦੱਸਿਆ ਕਿ ਚੀਨ ਦੀ ਯਾਤਰਾ ਕਰਨ ਵਾਲੇ 1109 ਯਾਤਰੀਆਂ ਨੇ 14 ਦਿਨਾਂ ਦੀ ਨਿਗਰਾਨੀ ਵਾਲਾ ਅਤਿ ਸੰਵੇਦਨਸ਼ੀਲ ਸਮਾਂ ਪੂਰਾ ਕਰ ਲਿਆ ਹੈ ਅਤੇ ਬਾਕੀ ਬਚੇ ਯਾਤਰੀਆਂ ਨੂੰ ਘਰਾਂ ਵਿੱਚ ਇਕੱਲੇ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ।

  ਨਮੂਨਿਆਂ ਦੀ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਸਰਕਾਰ ਨੇ ਹੁਣ ਏਮਜ਼, ਦਿੱਲੀ ਨੂੰ ਸ਼ੱਕੀ ਮਰੀਜ਼ਾਂ ਦੇ ਨਮੂਨੇ ਭੇਜਣ ਲਈ ਕਿਹਾ ਹੈ ਅਤੇ ਹੁਣ ਤੱਕ ਇਕ-ਇਕ ਨਮੂਨਾ ਜਲੰਧਰ ਅਤੇ ਅੰਮ੍ਰਿਤਸਰ ਤੋਂ ਏਮਜ਼ ਵਿਖੇ ਭੇਜਿਆ ਗਿਆ ਜੋ  ਕਿ ਨੈਗਟਿਵ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕੋਰੋਨਾਵਾਇਰਸ ਦਾ ਇਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ।

  ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਅੱਜ ਨੋਵਲ ਕੋਰੋਨਾਵਾਇਰਸ (2019-ਐਨਸੀਓਵੀ) ਦਾ ਨਾਂ ਤਬਦੀਲ ਕਰਕੇ ਕੋਵਿਡ-19 (ਕੋਰੋਨਾਵਾਇਰ ਬਿਮਾਰੀ) ਰੱਖ ਦਿੱਤਾ ਹੈ।

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।