- ਇਹਨਾਂ ਕੇਂਦਰਾਂ ਦੁਆਰਾ ਮੁਫ਼ਤ 27 ਜ਼ਰੂਰੀ ਦਵਾਈਆਂ ਅਤੇ 6 ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ
- ਰਾਜ ਵਿੱਚ 2042 ਸਿਹਤ ਕੇਂਦਰ ਕਾਰਜਸ਼ੀਲ ਜਿਥੇ 1600 ਕਮਿਊਨਿਟੀ ਸਿਹਤ ਅਧਿਕਾਰੀ ਨਿਯੁਕਤ, 823 ਹੋਰ ਉਮੀਦਵਾਰ ਇਸ ਸਾਲ ਤੱਕ ਨਿਯੁਕਤ ਕੀਤੇ ਜਾਣਗੇ
- 6.8 ਲੱਖ ਵਿਅਕਤੀਆਂ ਦੀ ਹਾਈਪਰਟੈਨਸ਼ਨ, ਸ਼ੂਗਰ ਅਤੇ ਕੈਂਸਰ ਲਈ ਕੀਤੀ ਜਾਂਚ
ਚੰਡੀਗੜ੍ਹ . ਭਾਰਤ ਸਰਕਾਰ ਵਲੋਂ ਜਾਰੀ ਸੂਬਿਆਂ ਦੀ ਤਾਜ਼ਾ ਦਰਜਾਬੰਦੀ ਦੇ ਅਨੁਸਾਰ ਪੰਜਾਬ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਵਿੱਚ ਪਹਿਲਾ ਦਰਜਾ ਹਾਸਲ ਕੀਤਾ ਹੈ। ਇਹ ਯੋਜਨਾ ਸੂਬੇ ਵਿੱਚ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਦੀਆਂ ਗਤੀਵਿਧੀਆਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ, ਪਿਛਲੇ ਪੰਜ ਮਹੀਨਿਆਂ ਵਿੱਚ ਸੂਬੇ ਭਰ ਦੇ ਸਿਹਤ ਕੇਂਦਰਾਂ ਵਿੱਚ 28.1 ਲੱਖ ਮਰੀਜ਼ ਪਹੁੰਚੇ। ਇਨ੍ਹਾਂ ਕੇਂਦਰਾਂ ਵਿਖੇ ਓਪੀਡੀ ਸੇਵਾਵਾਂ, ਆਰਸੀਐਚ ਸੇਵਾਵਾਂ, ਸੰਕਰਮਿਤ ਅਤੇ ਗੈਰ-ਸੰਕਰਮਿਤ ਰੋਗਾਂ ਦੀ ਰੋਕਥਾਮ ਅਤੇ ਇਲਾਜ ਸੰਬੰਧੀ ਕਲੀਨਿਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਸੇਵਾਵਾਂ ਸਿਹਤ ਕੇਂਦਰਾਂ ਵਿਖੇ ਕਮਿਊਨਿਟੀ ਹੈਲਥ ਅਫ਼ਸਰ (ਸੀਐਚਓ) ਸਮੇਤ ਮਲਟੀ-ਪਰਪਜ਼ ਕਰਮਚਾਰੀ (ਪੁਰਸ਼ ਅਤੇ ਮਹਿਲਾ) ਅਤੇ ਆਸ਼ਾ ਵਲੋਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕੇਂਦਰਾਂ ਵਿਖੇ ਮੁਫ਼ਤ 27 ਜ਼ਰੂਰੀ ਦਵਾਈਆਂ ਅਤੇ 6 ਡਾਇਗਨੋਸਟਿਕ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਜਲਦ ਹੀ ਸਿਹਤ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਜਾਵੇਗਾ, ਕਿਉਂਕਿ ਸੂਬਾ ਸਰਕਾਰ ਨੇ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਪੱਖੀ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜ ਭਰ ਵਿੱਚ 2042 ਸਿਹਤ ਕੇਂਦਰ ਕਾਰਜਸ਼ੀਲ ਹਨ। ਇਹਨਾਂ ਕੇਂਦਰਾਂ ਵਿੱਚ ਕੁੱਲ 1600 ਕਮਿਊਨਿਟੀ ਸਿਹਤ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਇਸ ਸਾਲ ਦੇ ਅੰਤ ਤੱਕ ਬ੍ਰਿਜ ਕੋਰਸ ਦੇ ਮੁਕੰਮਲ ਹੋਣ ਤੋਂ ਬਾਅਦ 823 ਹੋਰ ਉਮੀਦਵਾਰ ਕਮਿਊਨਿਟੀ ਸਿਹਤ ਅਧਿਕਾਰੀ ਵਜੋਂ ਨਿਯੁਕਤ ਕੀਤੇ ਜਾਣਗੇ। ਸੂਬੇ ਦੇ ਪੇਂਡੂ ਖੇਤਰਾਂ ਵਿਚ ਜ਼ਰੂਰੀ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਅਪਗ੍ਰੇਡ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਪਿਛਲੇ ਪੰਜ ਮਹੀਨਿਆਂ ਵਿੱਚ, 6.8 ਲੱਖ ਮਰੀਜ਼ਾਂ ਦੀ ਹਾਈਪਰਟੈਨਸ਼ਨ ਲਈ, 4 ਲੱਖ ਮਰੀਜ਼ਾਂ ਦੀ ਸ਼ੂਗਰ ਲਈ ਅਤੇ 6 ਲੱਖ ਮਰੀਜ਼ਾਂ ਦੀ ਮੂੰਹ, ਛਾਤੀ ਜਾਂ ਬੱਚੇਦਾਨੀ ਦੇ ਕੈਂਸਰ ਲਈ ਸਿਹਤ ਕੇਂਦਰਾਂ ਵਿਖੇ ਜਾਂਚ ਕੀਤੀ ਗਈ। ਕੋਵਿਡ -19 ਕਰਕੇ ਦਰਪੇਸ਼ ਚੁਣੌਤੀਆਂ ਦੇ ਬਾਵਜੂਦ, ਸਿਹਤ ਕੇਂਦਰਾਂ ਵਿਖੇ ਹਾਈਪਰਟੈਨਸ਼ਨ ਦੇ ਤਕਰੀਬਨ 2.4 ਲੱਖ ਮਰੀਜ਼ਾਂ ਅਤੇ ਸ਼ੂਗਰ ਦੇ 1.4 ਲੱਖ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ ਹਨ।
ਸਿਹਤ ਕੇਂਦਰਾਂ ਦੀਆਂ ਟੀਮਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤ ਕੇਂਦਰਾਂ ਦੇ ਸਟਾਫ਼ ਵੱਲੋਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਵੀ ਲਏ ਜਾ ਰਹੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਘਰਾਂ ਵਿਚ ਸਵੈ-ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ, ਸਿਹਤ ਕੇਂਦਰ ਦੀਆਂ ਟੀਮਾਂ ਵੱਲੋਂ ਲੱਛਣਾਂ ਦਾ ਪਤਾ ਲਗਾਉਣ ਅਤੇ ਇਹ ਵੇਖਣ ਲਈ ਕਿ ਲੋਕ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਘਰਾਂ ਦਾ ਦੌਰਾ ਕੀਤਾ ਜਾਂਦਾ ਹੈ। ਸਿਹਤ ਟੀਮਾਂ ਕੋਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਟਰੇਸਿੰਗ ਦਾ ਜਿੰਮਾ ਵੀ ਹੈ।
ਸਿਹਤ ਕੇਂਦਰ ਦੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰੀਤ ਕੌਰ ਨੇ ਦੱਸਿਆ ਕਿ ਮਾਰਚ 2020 ਤੋਂ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਟੈਲੀਮੇਡਿਸਨ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੈਕਟਰ 11, ਚੰਡੀਗੜ੍ਹ ਵਿਚ 4 ਮੈਡੀਕਲ ਅਫ਼ਸਰਾਂ ਵਾਲਾ ਇਕ ਟੈਲੀਮੀਡੀਸਨ ਹੱਬ ਸਥਾਪਿਤ ਕੀਤਾ ਗਿਆ ਹੈ। ਇਸ ਪਹਿਲ ਤਹਿਤ, ਸਿਹਤ ਕੇਂਦਰ – ਸਬ-ਸੈਂਟਰ ਪੱਧਰ ‘ਤੇ ਕਮਿਊਨਿਟੀ ਸਿਹਤ ਅਧਿਕਾਰੀ, ਵੀਡੀਓ ਕਾਲਿੰਗ ਰਾਹੀਂ ਹੱਬ ‘ਤੇ ਮੈਡੀਕਲ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ। ਹੱਬ ਦਾ ਮੈਡੀਕਲ ਅਫਸਰ ਮਰੀਜ਼ ਦੀ ਵਰਚੁਅਲ ਪਲੇਟਫਾਰਮ ਰਾਹੀਂ ਜਾਂਚ ਕਰਦਾ ਹੈ ਅਤੇ ਲੱਛਣਾਂ ਅਨੁਸਾਰ ਦਵਾਈਆਂ ਦੀ ਸਲਾਹ ਦਿੰਦਾ ਹੈ। ਕਮਿਊਨਿਟੀ ਸਿਹਤ ਅਧਿਕਾਰੀ ਫਿਰ ਈ-ਸੰਜੀਵਨੀ ਦੁਆਰਾ ਪ੍ਰਾਪਤ ਕੀਤੇ ਨੁਸਖੇ ਦੇ ਅਧਾਰ ‘ਤੇ ਮਰੀਜ਼ਾਂ ਨੂੰ ਦਵਾਈਆਂ ਭੇਜਦਾ ਹੈ। ਹੁਣ ਤਕ, ਲਗਭਗ 5000 ਟੈਲੀਕੰਸਲਟੇਸ਼ਨਸ ਕੀਤੀਆਂ ਗਈਆਂ ਹਨ।