ਚੰਡੀਗੜ੍ਹ| ਪੰਜਾਬ ਯੂਨੀਵਰਸਿਟੀ ਦੇ ਮੁੱਦੇ ‘ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਇੱਕ ਹੋਰ ਅਹਿਮ ਮੀਟਿੰਗ ਸੈਕਟਰ-9 ਦੇ ਸਕੱਤਰੇਤ ਵਿੱਚ ਹੋਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਅਹਿਮ ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੀ ਮੌਜੂਦ ਹਨ। ਪੰਜਾਬ ਯੂਨੀਵਰਸਿਟੀ ਦੇ ਮੁੱਦੇ ਉਤੇ ਬੇਸਿੱਟਾ ਰਹੀ ਇਸ ਮੀਟਿੰਗ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਨੇ ਬਾਹਰ ਆ ਕੇ ਅਕਾਲੀ ਦਲ ਨੂੰ ਲੰਮੇ ਹੱਥੀਂ ਲਿਆ। ਮਾਨ ਨੇ ਕਿਹਾ ਕਿ 2008 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕੇਂਂਦਰ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਵਿਚ ਸਾਨੂੰ ਕੋਈ ਇਤਰਾਜ਼ ਨਹੀਂ।

ਮੁੱਖ ਮੰਤਰੀ ਦੇ ਇਸੇ ਗੱਲ ਦਾ ਜਵਾਬ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਲਾਈਵ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ ਐਨਾ ਹੀ ਪਤਾ ਹੈ ਕਿ ਵੱਡੇ ਬਾਦਲ ਸਾਬ੍ਹ ਨੇ ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਕੇਂਦਰ ਨੂੰ NOC ਦਿਤੀ ਸੀ। ਪਰ ਲੱਗਦਾ ਮਾਨ ਸਾਬ੍ਹ ਨੇ ਦਸਤਵੇਜ਼ਾਂ ਨੂੰ ਧਿਆਨ ਨਾਲ ਨਹੀਂ ਪੜ੍ਹਿਆ।

ਦਲਜੀਤ ਚੀਮਾ ਨੇ ਕਿਹਾ ਕਿ ਬਾਦਲ ਸਾਬ੍ਹ ਨੇ Noc ਦੇਣ ਦੇ ਨਾਲ ਨਾਲ ਕੁਝ ਸ਼ਰਤਾਂ ਵੀ ਰੱਖੀਆਂ ਸਨ। ਬਾਦਲ ਸਾਬ੍ਹ ਨੇ ਕਿਹਾ ਸੀ ਕਿ ਪਹਿਲੀ ਸ਼ਰਤ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਨਾਂ ਨਹੀਂ ਬਦਲਿਆ ਜਾਵੇਗਾ। ਦੂਜਾ ਇਸਦੇ ਸਿੰਡੀਕੇਟ ਤੇ ਸੀਨੇਟ ਦੇ ਮੈਂਬਰਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਇਨ੍ਹਾਂ ਦੀ ਗਿਣਤੀ ਜੋ ਹੈ, ਉਹੀ ਰਹੇਗੀ। ਤੀਜੀ ਸ਼ਰਤ ਇਹ ਸੀ ਕਿ ਪੰਜਾਬ ਦੇ ਕਾਗਜ਼ ਜਿਵੇਂ ਅਟੈਚਡ ਹੈ, ਉਵੇਂ ਹੀ ਰਹਿਣਗੇ। ਉਸ ਵੇਲੇ ਕੋਈ ਹਰਿਆਣਾ ਦਾ ਕਾਗਜ਼ ਨੱਥੀ ਨਹੀਂ ਸੀ ਤੇ ਨਾ ਹੀ ਹਿਮਾਚਲ ਦੇ। ਜੋ ਕਿ ਹੁਣ ਹੋ ਰਿਹਾ ਹੈ।

ਚੀਮਾ ਨੇ ਅੱਗੇ ਕਿਹਾ ਕਿ ਤੱਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਕੇਂਦਰ ਤੋਂ ਆਏ ਡੈਲੀਗੇਟ ਨੂੰ ਇਹ ਕਲੀਅਰ ਕੀਤਾ ਸੀ ਕਿ ਜੋ ਦੋ ਯੂਨੀਵਰਸਿਟੀਆਂ ਪੰਜਾਬ ਨੂੰ ਕੇਂਦਰ ਵਲੋਂ ਉਸ ਵੇਲੇ ਮਿਲ ਰਹੀਆਂ ਸਨ, ( ਇਕ ਤਾਂ ਸੈਂਟਰਲ ਯੂਨੀਵਰਸਿਟੀ ਤੇ ਦੂਜੀ ਵਰਲਡ ਯੂਨੀਵਰਸਿਟੀ ) ਦੇ ਵਿਚ ਪੰਜਾਬ ਹੀ ਪੰਜਾਬ ਯੂਨੀਵਰਸਿਟੀ ਨੂੰ ਨਾ ਗਿਣ ਲਿਆ ਜਾਵੇ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ 2008 ਵੇਲੇ ਦੇ ਯੂਨੀਵਰਸਿਟੀ ਨਾਲ ਜੁੜੇ ਦਸਤਾਵੇਜ਼ਾਂ ਨੂੰ ਦਿਖਾਉਂਦਿਆਂ ਕਿਹਾ ਕਿ ਮਾਨ ਸਾਬ੍ਹ ਡਾਕਿਊਮੈਂਟ ਨੂੰ ਥੋੜ੍ਹਾ ਧਿਆਨ ਨਾਲ ਪੜਿਆ ਕਰੋ।

ਚੀਮਾ ਨੇ ਕਿਹਾ ਕਿ ਜਦੋਂ ਆਪਣੇ ਸੂਬੇ ਦਾ ਕਿਸੇ ਹੋਰ ਸੂਬੇ ਨਾਲ ਕਿਸੇ ਗੱਲੋਂ ਵਿਵਾਦ ਚੱਲ ਰਿਹਾ ਹੋਵੇ ਤਾਂ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕਿ ਚੱਲਣਾ ਚਾਹੀਦਾ ਹੈ ਤੇ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਲ ਪੰਜਾਬ ਦੀ ਯੂਨੀਵਰਸਿਟੀ ਦੇ ਮੁੱਦੇ ਉਤੇ ਮੀਟਿੰਗ ਕਰਨ ਪਿੱਛੋਂ ਉਲਟਾ ਸਾਨੂੰ ਹੀ ਨਿਸ਼ਾਨਾ ਬਣਾ ਰਹੇ ਹਨ।